ਮੰਤਰੀ ਕੁਲਦੀਪ ਧਾਲੀਵਾਲ ਦਾ ਬਿਆਨ, ਪੰਜਾਬ ਵਿੱਚ ਪਰਾਲੀ ਸਾੜਨ ਵਿੱਚ ਆਈ ਭਾਰੀ ਕਮੀ

 ਮੰਤਰੀ ਕੁਲਦੀਪ ਧਾਲੀਵਾਲ ਦਾ ਬਿਆਨ, ਪੰਜਾਬ ਵਿੱਚ ਪਰਾਲੀ ਸਾੜਨ ਵਿੱਚ ਆਈ ਭਾਰੀ ਕਮੀ

ਪਰਾਲੀ ਨੂੰ ਲੈ ਕੇ ਪੰਜਾਬ ਦੇ ਖੇਤੀਬਾੜੀ, ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਕਿ ਪਰਾਲੀ ਨੂੰ ਪੰਜਾਬ ਵਿੱਚ ਸਾੜਨ ਦੇ ਮਾਮਲੇ ਵਿੱਚ ਵਿਰੋਧੀ ਪਾਰਟੀਆਂ ਖ਼ਾਸ ਕਰਕੇ ਭਾਜਪਾ ਦਾ ਮਾੜਾ ਪ੍ਰਚਾਰ ਗ਼ਲਤ ਸਾਬਿਤ ਹੋਇਆ ਹੈ। ਉਹਨਾਂ ਕਿਹਾ ਕਿ ਪਰਾਲੀ ਨੂੰ ਸਾੜਨ ਦੇ ਮਾਮਲੇ ਵਿੱਚ ਭਾਜਪਾ ਨੇ ਇਹ ਮਾੜਾ ਪ੍ਰਚਾਰ ਕਰਨ ਦੀ ਕੋਸ਼ਿਸ਼ ਕੀਤੀ ਸੀ ਕਿ ਪੰਜਾਬ ਦਾ ਧੂੰਆਂ ਦਿੱਲੀ ਵਿੱਚ ਪ੍ਰਦੂਸ਼ਣ ਫੈਲਾਅ ਰਿਹਾ ਹੈ ਜਦਕਿ ਅਸਲੀਅਤ ਇਹ ਸੀ ਕਿ 2022 ਵਿੱਚ ਤਾਂ ਪਰਾਲੀ ਸਾੜਨ ਦੇ ਮਾਮਲੇ ਸਭ ਤੋਂ ਘੱਟ ਦਰਜ ਹੋਏ ਹਨ।

2020 ਵਿੱਚ ਜੇ ਪਰਾਲੀ ਸਾੜਨ ਦੇ 75986 ਮਾਮਲੇ ਸਨ ਤਾਂ 2021 ਵਿੱਚ ਇਹਨਾਂ ਦੀ ਗਿਣਤੀ 70,711 ਸੀ। 2022 ਵਿੱਚ ਇਹਨਾਂ ਦੀ ਗਿਣਤੀ ਘੱਟ ਹੋ ਕੇ 49,775 ਰਹਿ ਗਈ ਹੈ। ਕੈਬਨਿਟ ਮੰਤਰੀ ਨੇ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਕਿਸਾਨ ਭਰਾਵਾਂ ਨੇ ਉਹਨਾਂ ਦੀ ਬੇਨਤੀ ਨੂੰ ਪ੍ਰਵਾਨ ਕੀਤਾ ਹੈ ਅਤੇ ਇਸ ਵਾਰ ਸਰਕਾਰ ਵੱਲੋਂ ਦਿੱਤੀਆਂ ਗਈਆਂ ਮਸ਼ੀਨਾਂ ਦੀ ਮਦਦ ਨਾਲ ਪਰਾਲੀ ਨੂੰ ਘੱਟ ਮਾਤਰਾ ਵਿੱਚ ਸਾੜਿਆ ਗਿਆ।

ਮੰਤਰੀ ਨੇ ਕਿਹਾ ਕਿ ਵਿਰੋਧੀ ਪਾਰਟੀਆਂ ਸਿਰਫ਼ ਹੋਛੀ ਸਿਆਸਤ ਕਰਨ ਲਈ ਪਰਾਲੀ ਨੂੰ ਪੰਜਾਬ ਵਿੱਚ ਸਾੜਨ ਅਤੇ ਦਿੱਲੀ ਵਿੱਚ ਪ੍ਰਦੂਸ਼ਣ ਦੀਆਂ ਗੱਲਾਂ ਕਰ ਰਹੀਆਂ ਹਨ। ਅਸਲੀਅਤ ਇਹ ਸੀ ਕਿ ਪਰਾਲੀ ਨੂੰ ਸਾੜਨ ਦੇ ਮਾਮਲੇ ਪੰਜਾਬ ਵਿੱਚ ਕਾਫ਼ੀ ਘੱਟ ਹੋਏ ਹਨ। ਪੰਜਾਬ ਨਾਲੋਂ ਹਰਿਆਣਾ ਵਿੱਚ ਪਰਾਲੀ ਨੂੰ ਜ਼ਿਆਦਾ ਸਾੜਿਆ ਗਿਆ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਿਉਂਕਿ ਪਹਿਲੀ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਸੱਤਾ ਵਿੱਚ ਆਈ ਹੈ, ਇਸ ਲਈ ਉਸ ਨੂੰ ਬਦਨਾਮ ਕਰਨ ਲਈ ਹਰ ਸੰਭਵ ਕੋਸ਼ਿਸ਼ ਕੀਤੀ ਗਈ।

Leave a Reply

Your email address will not be published.