ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਜਲੰਧਰ ਜੀਟੀ ਰੋਡ ‘ਤੇ ਲਾਇਆ ਧਰਨਾ, ਕੱਲ੍ਹ ਹੋਵੇਗਾ ਪੰਜਾਬ ਬੰਦ?

ਕੱਲ੍ਹ ਤੋਂ ਨੈਸ਼ਨਲ ਹਾਈਵੇਅ ਜਾਮ ਕਰੀ ਬੈਠੇ ਕਿਸਾਨਾਂ ਨੇ ਹੁਣ ਜਲੰਧਰ ਵਿਖੇ ਹਾਈਵੇਅ ਦੇ ਨਾਲ ਨਾਲ ਰੇਲਵੇ ਲਾਇਨ ਨੂੰ ਵੀ ਜਾਮ ਕਰ ਦਿੱਤਾ ਹੈ। ਇਸ ਕਾਰਨ ਰੇਲਵੇ ਵਿਭਾਗ ਨੇ ਕਰੀਬ 107 ਗੱਡੀਆਂ ਨੂੰ ਰੱਦ ਕਰ ਦਿੱਤਾ ਜਦਕਿ ਕਰੀਬ 18 ਰੇਲ ਗੱਡੀਆਂ ਦੇ ਰਾਸਤਿਆਂ ਵਿੱਚ ਤਬਦੀਲੀ ਕਰ ਦਿੱਤੀ ਹੈ। ਵੱਡੀ ਗਿਣਤੀ ਵਿੱਚ ਕਿਸਾਨ ਰੇਲਵੇ ਲਾਇਨ ਤੇ ਬੈਠ ਗਏ ਹਨ ਅਤੇ ਨਾਅਰੇਬਾਜ਼ੀ ਕੀਤੀ ਜਾ ਰਹੀ ਹੈ।

ਉਧਰ ਇਸ ਵਿਚਾਲੇ ਹੁਣ ਪੰਜਾਬ ਬੰਦ ਨੂੰ ਲੈ ਕੇ ਕਿਸਾਨਾਂ ਨੇ ਕੁੱਝ ਰਾਹਤ ਦਿੱਤੀ ਹੈ। ਕਿਸਾਨ ਆਗੂ ਮਨਜੀਤ ਰਾਏ ਨੇ ਭਲਕੇ ਰੱਖੜੀ ਦੇ ਤਿਉਹਾਰ ਨੂੰ ਦੇਖਦਿਆਂ ਫਿਲਹਾਲ ਲਈ ਪੰਜਾਬ ਬੰਦ ਦੀ ਕਾਲ ਤੋਂ ਇਨਕਾਰ ਕੀਤਾ ਹੈ। ਮਨਜੀਤ ਰਾਏ ਨੇ ਕਿਹਾ ਕਿ 32 ਜਥੇਬੰਦੀਆਂ ਇਸ ਸਬੰਧੀ ਜੋ ਵੀ ਫੈਸਲਾ ਲਿਆ ਜਾਂਦਾ ਹੈ ਉਸ ਮੁਤਾਬਕ ਹੀ ਅਗਲੀ ਕਾਲ ਨੂੰ ਅੰਜ਼ਾਮ ਦਿੱਤਾ ਜਾਵੇਗਾ।
ਕਿਸਾਨ ਆਗੂ ਮਨਜੀਤ ਰਾਏ ਨੇ ਕਿਹਾ ਕਿ ਉਹ ਕੋਸ਼ਿਸ਼ ਕਰਨਗੇ ਕਿ ਕੱਲ੍ਹ ਦਾ ਦਿਨ ਪੰਜਾਬ ਬੰਦ ਨਾ ਕੀਤਾ ਜਾਵੇ ਪਰ ਰੱਖੜੀ ਤੋਂ ਅੱਗੇ ਆਉਣ ਵਾਲੇ ਕਿਸੇ ਵੀ ਦਿਨ ਟੋਲ ਪਲਾਜ਼ਿਆਂ ਤੇ ਟਰਾਲੀਆਂ ਨਾਲ ਸੜਕਾਂ ਜਾਮ ਕੀਤੀਆਂ ਜਾਣਗੀਆਂ ਅਤੇ ਸਰਕਾਰ ਨੂੰ ਮੰਗਾਂ ਮੰਨਣ ਲਈ ਮਜ਼ਬੂਰ ਕੀਤਾ ਜਾਵੇਗਾ।
ਦੱਸ ਦਈਏ ਕਿ ਕੱਲ੍ਹ ਰੋਜ਼ ਤੋਂ ਗੰਨੇ ਦੀ ਬਕਾਇਆ ਰਾਸ਼ੀ ਦਾ ਭੁਗਤਾਨ ਕਰਨ ਅਤੇ ਗੰਨੇ ਦੀਆਂ ਕੀਮਤਾਂ ਵਿੱਚ ਵਾਧਾ ਕਰਨ ਨੂੰ ਲੈ ਕੇ ਕਿਸਾਨਾਂ ਵੱਲੋਂ ਜਲੰਧਰ ਨੈਸ਼ਨਲ ਹਾਈਵੇਅ ਜਾਮ ਕੀਤਾ ਗਿਆ ਹੈ ਜਿਸ ਤੋਂ ਬਾਅਦ ਇਹ ਖਬਰਾਂ ਆ ਰਹੀਆਂ ਸਨ ਕਿ ਭਲਕੇ ਯਾਨੀ ਰੱਖੜੀ ਵਾਲੇ ਦਿਨ ਕਿਸਾਨਾਂ ਵੱਲੋਂ ਪੰਜਾਬ ਬੰਦ ਕੀਤਾ ਜਾਵੇਗਾ ਜਿਸ ’ਤੇ ਫਿਲਹਾਲ ਲਈ ਕਿਸਾਨ ਆਗੂਆਂ ਨੇ ਰੋਕ ਲਾਉਣ ਦਾ ਐਲਾਨ ਕਰ ਦਿੱਤਾ ਹੈ।
