ਮੋਦੀ ਦੇ ਗੜ੍ਹ ’ਚ ਕੋਰੋਨਾ ਕੇਸਾਂ ’ਚ ਲਗਾਤਾਰ ਵਾਧਾ, ਸ਼ਮਸ਼ਾਨਘਾਟਾਂ ‘ਚ ਸਸਕਾਰ ਲਈ ਲੰਬੀਆਂ ਕਤਾਰਾਂ

ਦੇਸ਼ ਦੇ ਕਈ ਹਿੱਸਿਆਂ ਵਿੱਚ ਕੋਰੋਨਾ ਦੇ ਕੇਸ ਲਗਾਤਾਰ ਵਧ ਰਹੇ ਹਨ। ਉੱਥੇ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਗੜ੍ਹ ਗੁਜਰਾਤ ਵਿੱਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਹਾਲਾਤ ਇਸ ਕਦਰ ਵਿਗੜ ਚੁੱਕੇ ਹਨ ਕਿ ਸ਼ਮਸ਼ਾਨਘਾਟਾਂ ਵਿੱਚ ਸਸਕਾਰ ਲਈ ਲੰਬੀਆਂ ਕਤਾਰਾਂ ਲੱਗ ਰਹੀਆਂ ਹਨ।

ਬੀਤੇ ਹਫ਼ਤੇ ਇੱਥੇ ਕੋਰੋਨਾ ਵਾਇਰਸ ਕਰ ਕੇ ਹੋਈਆਂ ਮੌਤਾਂ ਦੀ ਗਿਣਤੀ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ। ਉੱਥੇ ਹੀ ਗੁਜਰਾਤ ਦੇ ਕਈ ਸ਼ਮਸ਼ਾਨਘਾਟਾਂ ਵਿੱਚ ਲੋਕਾਂ ਨੂੰ ਅਪਣੇ ਸਕੇ ਸਬੰਧੀਆਂ ਦੀਆਂ ਅੰਤਿਮ ਰਸਮਾਂ ਲਈ ਕਤਾਰਾਂ ਵਿੱਚ ਲੱਗ ਕੇ ਉਡੀਕ ਕਰਨੀ ਪੈ ਰਹੀ ਹੈ।
ਦਸ ਦਈਏ ਕਿ ਹਿੰਦੂ ਆਮ ਕਰ ਕੇ ਸੂਰਜ ਛਿਪਣ ਮਗਰੋਂ ਮ੍ਰਿਤਕ ਦੇਹ ਦਾ ਸਸਕਾਰ ਨਹੀਂ ਕਰਦੇ, ਲਿਹਾਜ਼ਾ ਬਹੁਤਿਆਂ ਕੋਲ ਕੋਈ ਬਦਲ ਨਾ ਹੋਣ ਕਰ ਕੇ ਉਹ ਰਾਤ ਨੂੰ ਅੰਤਿਮ ਰਸਮਾਂ ਪੂਰੀਆਂ ਕਰਨ ਲਈ ਮਜ਼ਬੂਰ ਹਨ। ਸੂਰਤ ਵਿੱਚ ਉਮਰਾ ਖੇਤਰ ਵਿਚਲੇ ਸ਼ਮਸ਼ਾਨਘਾਟ ਵਿੱਚ ਰਾਤ ਨੂੰ ਇਕ ਵੇਲੇ ਲਗਭਗ 25 ਦੇਹਾਂ ਦਾ ਸਸਕਾਰ ਕੀਤਾ ਗਿਆ।
ਸੂਰਤ ਵਿੱਚੋਂ ਹੀ ਖਬਰਾਂ ਆਈਆਂ ਹਨ ਕਿ ਲਗਾਤਾਰ ਸਸਕਾਰ ਕਰਨ ਕਰ ਕੇ ਭੱਠੀਆਂ ਤੱਕ ਪਿਘਲ ਗਈਆਂ ਹਨ। ਵਡੋਦਰਾ ਨਗਰ ਨਿਗਮ ਦੀ ਸਟੈਂਡਿੰਗ ਕਮੇਟੀ ਦੇ ਚੇਅਰਮੈਨ ਹਿਤੇਂਦਰ ਪਟੇਲ ਨੇ ਖ਼ਬਰ ਏਜੰਸੀ ਨੂੰ ਦਸਿਆ ਕਿ ਕੁਝ ਸ਼ਮਸ਼ਾਨਘਾਟਾਂ ਵਿੱਚ ਸਸਕਾਰ ਲਈ ਪਈ ਭੀੜ ਕਰ ਕੇ ਲੋਕਾਂ ਨੂੰ ਰਾਤ ਸਮੇਂ ਦੇਹ ਸਸਕਾਰ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
