ਮੋਗਾ ’ਚ ਪੁਲਿਸ ਨੇ ਬੁਲੇਟ ਮੋਟਰਸਾਈਕਲ ਸਮੇਤ 8 ਵਹੀਕਲ ਕੀਤੇ ਬਰਾਮਦ

ਮੋਗਾ ਵਿੱਚ ਮੋਟਰਸਾਈਕਲ ਚੋਰ ਗਿਰੋਹ ਦਾ ਮਾਮਲਾ ਸਾਹਮਣੇ ਆਇਆ ਹੈ। ਮੋਗਾ ਪੁਲਿਸ ਨੇ ਵ੍ਹੀਕਲ ਚੋਰ ਗਿਰੋਹ ਨੂੰ ਕਾਬੂ ਕੀਤਾ ਹੈ। ਇਸ ਤਹਿਤ ਈਸੇ ਖਾਂ ਪੁਲਿਸ ਨੇ ਵ੍ਹੀਕਲ ਚੋਰ ਗਿਰੋਹ ਦੇ ਚਾਰ ਮੈਂਬਰਾਂ ਨੂੰ ਕਾਬੂ ਕਰਕੇ ਉਹਨਾਂ ਤੋਂ ਚੋਰੀ ਦੇ ਮੋਟਰਸਾਈਕਲ, ਐਕਟਿਵਾ ਅਤੇ ਬੁਲੇਟ ਮੋਟਰਸਾਈਕਲ ਬਰਾਮਦ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀਐਸਪੀ ਨੇ ਕਿਹਾ ਕਿ ਜ਼ਿਲ੍ਹਾ ਪੁਲਿਸ ਮੁਖੀ ਮੋਗਾ ਗੁਲਨੀਤ ਸਿੰਘ ਖੁਰਾਣਾ ਦੇ ਹੁਕਮਾਂ ਤੇ ਜਦੋਂ ਥਾਣਾ ਕੋਟ ਈਸੇ ਖਾਂ ਦੇ ਇੰਚਾਰਜ ਇੰਸਪੈਕਟਰ ਗੁਰਵਿੰਦਰ ਸਿੰਘ ਭੁੱਲਰ ਅਤੇ ਸਹਾਇਕ ਥਾਣੇਦਾਰ ਚਰਨਜੀਤ ਸਿੰਘ ਇੰਚਾਰਜ ਪੁਲਿਸ ਚੌਕੀ ਬਲਖੰਡੀ ਪੁਲਿਸ ਪਾਰਟੀ ਸਮੇਤ ਇਲਾਕੇ ਵਿੱਚ ਗਸ਼ਤ ਕਰਦੇ ਹੋਏ ਜਾ ਰਹੇ ਸੀ।
ਉਹਨਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਗੁਰਜੰਟ ਸਿੰਘ ਉਰਫ ਸ਼ੈਂਟੀ, ਜੱਗਾ ਸਿੰਘ, ਗੁਰਸਿਮਰਨ ਸਿੰਘ ਸੁਮਨਾ, ਗੁਰਪ੍ਰੀਤ ਸਿੰਘ ਪ੍ਰੀਤ ਅਤੇ ਅਕਾਸ਼ਦੀਪ ਸਿੰਘ ਅਕਾਸ਼ੀ ਸਾਰੇ ਨਿਵਾਸੀ ਪਿੰਡ ਚਿਰਾਗਸ਼ਾਹ ਵਾਲਾ ਨੇ ਮਿਲ ਕੇ ਮੋਟਰਸਾਈਕਲ ਚੋਰੀ ਕਰਨ ਦਾ ਗਿਰੋਹ ਬਣਾਇਆ ਹੋਇਆ ਹੈ ਅਤੇ ਅੱਜ ਵੀ ਉਹ ਚੋਰੀ ਦੇ ਮੋਟਰਸਾਈਕਲ ’ਤੇ ਇਲਾਕੇ ਵਿਚ ਘੁੰਮ ਰਹੇ ਹਨ।
ਉਹ ਮੋਟਰਸਾਈਕਲ ਅਤੇ ਹੋਰ ਵ੍ਹੀਕਲ ਚੋਰੀ ਕਰਨ ਦੇ ਬਾਅਦ ਉਸ ਨੂੰ ਵਿਕਰੀ ਕਰ ਦਿੰਦੇ ਹਨ, ਜਿਸ ’ਤੇ ਪੁਲਸ ਪਾਰਟੀ ਨੇ ਨਾਕਾਬੰਦੀ ਕਰ ਕੇ ਜੱਗਾ ਸਿੰਘ, ਗੁਰਸਿਮਰਨ ਸਿੰਘ ਸੁਮਨਾ, ਗੁਰਪ੍ਰੀਤ ਸਿੰਘ ਪ੍ਰੀਤ, ਅਕਾਸ਼ਦੀਪ ਸਿੰਘ ਕਾਸ਼ੀ ਨੂੰ ਕਾਬੂ ਕਰ ਲਿਆ, ਜਦਕਿ ਗੁਰਜੰਟ ਸਿੰਘ ਉਰਫ ਸੈਂਟੀ ਪੁਲਸ ਦੇ ਕਾਬੂ ਨਹੀਂ ਆ ਸਕਿਆ।
ਪੁਲਸ ਨੇ ਉਕਤ ਗਿਰੋਹ ਤੋਂ 8 ਮੋਟਰਸਾਈਕਲ, ਦੋ ਐਕਟਿਵਾ ਅਤੇ ਇਕ ਬੋਲਟ ਮੋਟਰਸਾਈਕਲ ਬਰਾਮਦ ਕੀਤਾ। ਇਸ ਸਬੰਧੀ ਥਾਣਾ ਇੰਚਾਰਜ ਇੰਸਪੈਕਟਰ ਨੇ ਕਿਹਾ ਕਿ ਕਥਿਤ ਮੁਲਜ਼ਮਾਂ ਨੂੰ ਪੁੱਛਗਿੱਛ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ ਤਾਂ ਕਿ ਕਾਬੂ ਕੀਤੇ ਗਏ ਗਿਰੋਹ ਦੇ ਹੋਰ ਮੈਂਬਰਾਂ ਦੀ ਜਾਣਕਾਰੀ ਮਿਲ ਸਕੇ।