ਮੈਨੂੰ 5 ਸਾਲ ਦਾ ਮੌਕਾ ਦਿਓ, ਫਿਰ ਵੇਖਿਓ ਪੰਜਾਬ: ਪੀਐਮ ਮੋਦੀ

ਪੰਜਾਬ ਦੌਰੇ ਤੇ ਪੀਐਮ ਮੋਦੀ ਨੇ ਪਠਾਨਕੋਟ ਵਿੱਚ ਲੋਕਾਂ ਨੂੰ ਸੰਬੋਧਨ ਕੀਤਾ। ਇਸ ਦੌਰਾਨ ਉਹਨਾਂ ਕਿਹਾ ਕਿ ਤੁਸੀਂ ਮੈਨੂੰ ਸੇਵਾ ਕਰਨ ਦਾ ਮੌਕਾ ਦਿਓ, ਨਵਾਂ ਪੰਜਾਬ ਬਣਦੇ ਦੇਖੋਗੇ। ਇਸ ਦੌਰਾਨ ਪੀਐਮ ਮੋਦੀ ਨੇ ਕਾਂਗਰਸ ਪਾਰਟੀ ਤੇ ਵੀ ਨਿਸ਼ਾਨਾ ਲਾਇਆ। ਪੀਐਮ ਮੋਦੀ ਨੇ ਕਿਹਾ ਕਿ ਮਹਾਂਮਾਰੀ ਦੇ ਦੌਰ ਵਿੱਚ ਅਸੀਂ ਪੰਜਾਬ ਦੇ ਗਰੀਬਾਂ ਸਮੇਤ ਕਰੋੜਾਂ ਨਾਗਰਿਕਾਂ ਨੂੰ ਮੁਫ਼ਤ ਰਾਸ਼ਨ ਦੇਣ ਦਾ ਕੰਮ ਕੀਤਾ।

ਅਸੀਂ ਸਾਰੇ ਯਤਨ ਕੀਤੇ ਅਤੇ ਇਹ ਯਕੀਨੀ ਬਣਾਇਆ ਕਿ ਕੋਈ ਵੀ ਭੁੱਖਾ ਨਾ ਰਹੇ। ਉਹਨਾਂ ਕਿਹਾ ਕਿ, ਮੈਨੂੰ ਦੇਸ਼ ਦੇ ਬਾਕੀ ਹਿੱਸਿਆਂ ਵਾਂਗ ਪੰਜਾਬ ਵਿੱਚ ਸੇਵਾ ਕਰਨ ਦਾ ਮੌਕਾ ਨਹੀਂ ਮਿਲਿਆ। ਤੁਸੀਂ ਮੈਨੂੰ ਪੰਜ ਸਾਲ ਸੇਵਾ ਕਰਨ ਦਾ ਮੌਕਾ ਦਿਓ। ਉਹਨਾਂ ਕਿਹਾ ਕਿ, ਲੋਕਾਂ ਨੇ ਉਹਨਾਂ ਦਾ ਸੂਬਿਆਂ ਵਿੱਚ ਵਿਕਾਸ ਦੇਖਿਆ ਹੈ ਜਿੱਥੇ ਭਾਜਪਾ ਦੀ ਸਰਕਾਰ ਹੈ। ਇਸ ਦੌਰਾਨ ਪੀਐਮ ਮੋਦੀ ਨੇ ਕਾਂਗਰਸ ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਜਿੱਥੇ ਵੀ ਭਾਜਪਾ ਸਥਾਪਤ ਹੋਈ, ਉੱਥੇ ਦਿੱਲੀ ਤੋਂ ਰਿਮੋਟ ਕੰਟਰੋਲ ਪਰਿਵਾਰ (ਕਾਂਗਰਸ) ਦਾ ਸਫਾਇਆ ਹੋ ਗਿਆ।
ਭਾਵ, ਜਿੱਥੇ ਵਿਕਾਸ ਆਇਆ ਹੈ, ਵੰਸ਼ਵਾਦ ਦਾ ਸਫਾਇਆ ਹੋਇਆ ਹੈ, ਜਿੱਥੇ ਸ਼ਾਂਤੀ ਅਤੇ ਸੁਰੱਖਿਆ ਆਈ ਹੈ, ਤੁਸ਼ਟੀਕਰਨ ਅਤੇ ਭ੍ਰਿਸ਼ਟਾਚਾਰ ਚਲੇ ਗਏ ਹਨ। ਅਸੀਂ ਪੰਜਾਬ ਵਿੱਚ ਇਸ ਤੁਸ਼ਟੀਕਰਨ ਅਤੇ ਭ੍ਰਿਸ਼ਟਾਚਾਰ ਨੂੰ ਵੀ ਅਲਵਿਦਾ ਆਖਣਾ ਚਾਹੁੰਦੇ ਹਾਂ। ਮੋਦੀ ਨੇ ਕਿਹਾ ਕਿ, ਪੰਜਾਬੀਅਤ ਸਾਡੇ ਲਈ ਬਹੁਤ ਜ਼ਰੂਰੀ ਹੈ ਜਦਕਿ ਵਿਰੋਧੀ ਧਿਰ ਪੰਜਾਬ ਨੂੰ ਸਿਆਸਤ ਦੀ ਨਜ਼ਰ ਨਾਲ ਦੇਖਦੀ ਹੈ। ਉਹਨਾਂ ਕਿਹਾ ਕਿ, ਪੰਜਾਬ ਦੀ ਸ਼ਾਂਤੀ ਅਤੇ ਏਕਤਾ ਲਈ, ਪੰਜਾਬ ਦੇ ਉੱਜਵਲ ਭਵਿੱਖ ਲਈ, ਪੰਜਾਬ ਦਾ ਭਲਾ ਕਰਨਾ ਸਾਡੀ ਪਹਿਲ ਸੀ।
ਅਸੀਂ ਇਸ ਫਤਹਿ ਰੈਲੀ ਵਾਹਿਗੁਰੂ ਜੀ ਦੀ ਫਤਹਿ ਦੇ ਮਕਸਦ ਨਾਲ ਕਰ ਰਹੇ ਹਾਂ। ਅਸੀਂ ਆਪਣੇ ਸੰਤਾਂ ਅਤੇ ਗੁਰੂਆਂ ਦੀ ਅਵਾਜ਼ ਤੇ ਚੱਲ ਕੇ ਹੀ 21ਵੀਂ ਸਦੀ ਦਾ ਨਵਾਂ ਪੰਜਾਬ ਬਣਾਵਾਂਗੇ। ਪੀਐਮ ਮੋਦੀ ਨੇ ਆਮ ਆਦਮੀ ਪਾਰਟੀ ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ, ਵਿਰੋਧੀ ਪੰਜਾਬ ਨੂੰ ਸਿਆਸਤ ਦੇ ਚਸ਼ਮੇ ਨਾਲ ਦੇਖਦੇ ਹਨ। AAP ਤੇ ਕਾਂਗਰਸ ਵਿਰੋਧੀ ਹੋਣ ਦਾ ਦਿਖਾਵਾ ਕਰ ਰਹੇ ਹਨ। ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੌਰਾਨ ‘ਆਪ’ ਨੂੰ ਕਾਂਗਰਸ ਦੀ B ਟੀਮ ਦੱਸਿਆ।
