ਮੈਡੀਕਲ ਕਾਲਜ ਲਈ ਸ਼੍ਰੋਮਣੀ ਕਮੇਟੀ ਸਹਿਮਤ, ਸਰਕਾਰ ਨੇ ਪੇਸ਼ਕਸ਼ ਮਗਰੋਂ ਨਹੀਂ ਭਰਿਆ ਕੋਈ ਹੁੰਗਾਰਾ: ਐਡਵੋਕੇਟ ਧਾਮੀ

ਸੰਗਰੂਰ ਵਿੱਚ ਮੈਡੀਕਲ ਕਾਲਜ ਬਣਾਉਣ ਦਾ ਮੁੱਦਾ ਲਗਾਤਾਰ ਗਰਮਾਇਆ ਹੋਇਆ ਹੈ। ਇਸ ਨੂੰ ਲੈ ਕੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੋਮਣੀ ਕਮੇਟੀ ਤੇ ਰੋਕਾਂ ਲਗਾਉਣ ਦੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਉਹਨਾਂ ਕਿਹ ਕਿ ਇਸ ਮਸਲੇ ਵਿੱਚ ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਨੇ ਮਤਾ ਪਾਸ ਕਰਕੇ ਸਰਕਾਰ ਨੂੰ ਪੇਸ਼ਕਸ਼ ਕੀਤੀ ਸੀ ਕਿ ਜੇ ਉਹ ਗੁਰਦੁਆਰੇ ਦੀ ਜ਼ਮੀਨ ਲੈਣਾ ਚਾਹੁੰਦੀ ਹੈ ਤਾਂ ਉਹ ਸ਼੍ਰੋਮਣੀ ਕਮੇਟੀ ਨਾਲ ਲਿਖ਼ਤੀ ਗੱਲਬਾਤ ਕਰ ਸਕਦੀ ਹੈ ਪਰ ਸਰਕਾਰ ਵੱਲੋਂ ਹੁਣ ਤੱਕ ਕੋਈ ਹੁੰਗਾਰਾ ਨਹੀਂ ਦਿੱਤਾ ਗਿਆ। ਉਹਨਾਂ ਕਿਹਾ ਕਿ ਜੇ ਮੁੱਖ ਮੰਤਰੀ ਭਗਵੰਤ ਮਾਨ ਮੈਡੀਕਲ ਕਾਲਜ ਬਣਾਉਣ ਪ੍ਰਤੀ ਸੰਜੀਦਾ ਹਨ ਤਾਂ ਉਹ ਕਾਨੂੰਨੀ ਪੱਖ ਨੂੰ ਸਮਝਦਿਆਂ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਕਰਨ, ਤਾਂ ਜੋ ਇਸ ਮਸਲੇ ਦਾ ਸੁਖਾਵਾਂ ਹੱਲ ਹੋ ਸਕੇ।
ਉਹਨਾਂ ਅੱਗੇ ਕਿਹਾ ਕਿ ਸਿੱਖ ਗੁਰਦੁਆਰਾ ਐਕਟ-1925 ਤਹਿਤ ਸ਼੍ਰੋਮਣੀ ਕਮੇਟੀ ਗੁਰਦੁਆਰਿਆਂ ਦੇ ਪ੍ਰਬੰਧ ਦੀ ਦੇਖ-ਰੇਖ ਕਰਦੀ ਹੈ ਤੇ ਗੁਰਦੁਆਰਾ ਅੰਗੀਠਾ ਸਾਹਿਬ ਅਕਾਲਸਰ ਮਸਤੂਆਣਾ ਪੰਜਾਬ ਸਰਕਾਰ ਵੱਲੋਂ ਸਿੱਖ ਗੁਰਦੁਆਰਾ ਐਕਟ ਦੇ ਸੈਕਸ਼ਨ 7(3) ਤਹਿਤ 4 ਸਤੰਬਰ 1964 ਨੂੰ ਨੋਟੀਫਾਈਡ ਕੀਤਾ ਹੋਇਆ ਹੈ ਜਿਸ ਦੇ ਪ੍ਰਬੰਧ ਤੇ ਜਾਇਦਾਦ ਦੀ ਜ਼ਿੰਮੇਵਾਰ ਸ਼੍ਰੋਮਣੀ ਕਮੇਟੀ ਹੈ।
ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਬਾਦਲ ਅਤੇ ਢੀਂਡਸਾ ਪਰਿਵਾਰ ਤੇ ਅੜਿੱਕਾ ਡਾਹੁਣ ਦੇ ਇਲਜ਼ਾਮ ਲਾਉਣ ਤੋਂ ਬਾਅਦ ਇਲਾਕੇ ਦੇ ਲੋਕਾਂ ਤੇ ਕਿਸਾਨਾਂ ਨੇ ਸੋਮਵਾਰ ਨੂੰ ਮੈਡੀਕਲ ਕਾਲਜ ਬਣਾਉਣ ਦੇ ਹੱਕ ਵਿੱਚ ਤੇ ਸ਼੍ਰੋਮਣੀ ਕਮੇਟੀ ਦੇ ਵਿਰੋਧ ਵਿੱਚ ਮਸਤੂਆਣਾ ਇਲਾਕੇ ਵਿੱਚ ਵਿਸ਼ਾਲ ਟਰੈਕਟਰ ਰੈਲੀ ਕੱਢੀ ਸੀ।
ਕਿਸਾਨਾਂ ਤੇ ਇਲਾਕੇ ਦੇ ਲੋਕਾਂ ਨੇ ਕੜਾਕੇ ਦੀ ਸਰਦੀ ਵਿੱਚ 400 ਤੋਂ ਵੱਧ ਟਰੈਕਟਰਾਂ ਨਾਲ 10 ਤੋਂ ਵੱਧ ਪਿੰਡਾਂ ਵਿੱਚ ਜਾ ਕੇ ਸ਼੍ਰੋਮਣੀ ਕਮੇਟੀ ਖਿਲਾਫ਼ ਰੋਸ ਪ੍ਰਦਰਸ਼ਨ ਕੀਤਾ ਸੀ। ਦਰਅਸਲ ਨਵੇਂ ਸਾਲ ਵਾਲੇ ਦਿਨ ਮੁੱਖ ਮੰਤਰੀ ਭਗਵੰਤ ਮਾਨ ਨੇ ਮਸਤੂਆਣਾ ਸਾਹਿਬ ਵਿਖੇ ਆ ਕੇ ਮੈਡੀਕਲ ਕਾਲਜ ਦੇ ਮੁੱਦੇ ‘ਤੇ ਲੋਕਾਂ ਨਾਲ ਗੱਲਬਾਤ ਕੀਤੀ ਸੀ।