ਮੂਸੇਵਾਲਾ ਦੇ ਮਾਪਿਆਂ ਵੱਲੋਂ ਸਰਕਾਰ ਨੂੰ ਦਿੱਤੇ ਅਲਟੀਮੇਟਮ ਦਾ ਸਮਾਂ ਹੋਇਆ ਪੂਰਾ, ਜਲਦ ਲੈਣਗੇ ਅਗਲਾ ਫ਼ੈਸਲਾ!

ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਮਾਪੇ ਬਰਤਾਨੀਆ ਤੋਂ ਪਿੰਡ ਮੂਸਾ ਵਾਪਸ ਆ ਗਏ ਹਨ। ਉਹ ਮੂਸੇਵਾਲਾ ਲਈ ਬਰਤਾਨੀਆ ਵਿੱਚ ਕੱਢੇ ਗਏ ਕੈਂਡਲ ਮਾਰਚ ਅਤੇ ਸਾਈਕਲ ਰੈਲੀ ਵਿੱਚ ਭਾਗ ਲੈਣ ਗਏ ਸਨ। ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਦੱਸਿਆ ਕਿ ਬਰਤਾਨੀਆ ਦੇ ਪੰਜਾਬੀ ਭਾਈਚਾਰੇ ਨੇ ਉੱਥੇ ਪੁੱਜਣ ਤੇ ਬੇਹੱਦ ਪਿਆਰ ਅਤੇ ਸਤਿਕਾਰ ਦਿੱਤਾ।
ਸਿੱਧੂ ਦੇ ਮਾਪਿਆਂ ਨੇ ਇਨਸਾਫ਼ ਦੀ ਲੜਾਈ ਲਈ ਪੰਜਾਬ ਸਰਕਾਰ ਨੂੰ 25 ਨਵੰਬਰ ਤੱਕ ਦਾ ਸਮਾਂ ਦੇ ਕੇ ਕਿਹਾ ਸੀ ਕਿ ਜੇ ਇਨਸਾਫ਼ ਦੀ ਲੜਾਈ ਸਹੀ ਰਸਤੇ ਨਾ ਤੁਰੀ ਤਾਂ ਉਹ ਦੇਸ਼ ਛੱਡ ਦੇਣਗੇ। ਅੱਜ ਉਹ ਮੂਸੇਵਾਲਾ ਦੇ ਪ੍ਰਸ਼ੰਸਕਾਂ ਨਾਲ ਮੀਟਿੰਗ ਕਰਕੇ ਆਪਣਾ ਅਗਲਾ ਫ਼ੈਸਲਾ ਲੈਣਗੇ।
ਸਿੱਧੂ ਦੇ ਮਾਪਿਆਂ ਨੇ ਦੱਸਿਆ ਕਿ ਖਾਲਸਾ ਏਡ ਦੇ ਸੰਸਥਾਪਕ ਰਵੀ ਸਿੰਘ ਅਤੇ ਉਹਨਾਂ ਦੀ ਟੀਮ ਨੇ ਇਨਸਾਫ਼ ਲਈ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਬਲਕੌਰ ਸਿੰਘ ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਬਰਨਾ ਬੁਆਏ ਅਤੇ ਕੁਲਵੰਤ ਸਿੰਘ ਧਾਲੀਵਾਲ ਨੇ ਕੈਂਸਰ ਹਸਪਤਾਲ ਸਮੇਤ ਮਾਲਵਾ ਖੇਤਰ ਵਿੱਚ ਲੋਕ ਹਿੱਤਾਂ ਲਈ ਵੱਡੀਆਂ ਸੰਸਥਾਵਾਂ ਖੋਲ੍ਹਣ ਲਈ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਭਰੋਸਾ ਦਿੱਤਾ ਹੈ।