ਮੂਸੇਵਾਲਾ ਦੇ ਪਿਤਾ ਦਾ ਵੱਡਾ ਬਿਆਨ, ਕਿਹਾ, ਗੋਲਡੀ ਬਰਾੜ ’ਤੇ ਰੱਖੋ 2 ਕਰੋੜ ਦਾ ਇਨਾਮ, ਮੈਂ ਆਪਣੀ ਜ਼ਮੀਨ ਵੇਚ ਕੇ ਦਿਆਂਗਾ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਸਿੱਧੂ ਦੇ ਮਾਪੇ ਇਨਸਾਫ਼ ਲਈ ਸਰਕਾਰੇ ਦਰਬਾਰੇ ਜਾ ਕੇ ਵੱਖ-ਵੱਖ ਆਗੂਆਂ ਨੂੰ ਅਪੀਲ ਕਰ ਰਿਹਾ ਹੈ। ਮੂਸੇਵਾਲਾ ਦੇ ਕਤਲ ਦੇ ਇਨਸਾਫ਼ ਲਈ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਹਨ। ਇਸ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਇੱਕ ਪ੍ਰੋਗਰਾਮ ਦੌਰਾਨ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਮੇਂ ਦੀਆਂ ਸਰਕਾਰਾਂ ਨੂੰ ਝਾੜ ਪਾਈ। ਸਿੱਧੂ ਮੂਸੇ ਵਾਲਾ ਦੇ ਪਿਤਾ ਨੇ ਇਥੋਂ ਤਕ ਕਹਿ ਦਿੱਤਾ ਕਿ ਸਰਕਾਰ ਗੋਲਡੀ ਬਰਾੜ ਦੇ ਸਿਰ ’ਤੇ 2 ਕਰੋੜ ਰੁਪਏ ਦਾ ਇਨਾਮ ਰੱਖੇ ਤੇ ਇਸ ਇਨਾਮ ਦੀ ਰਕਮ ਉਹ ਖ਼ੁਦ ਭਰਨਗੇ।
ਸਿੱਧੂ ਦੇ ਪਿਤਾ ਬਲਕੌਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਪੁੱਤਰ ਨੇ ਆਪਣੀ ਜ਼ਿੰਦਗੀ ਸਿਧਾਂਤਾਂ ਦੇ ਆਧਾਰ ’ਤੇ ਬਤੀਤ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਧੂ ਸਾਲ ਦਾ 2 ਕਰੋੜ ਰੁਪਏ ਟੈਕਸ ਭਰਦਾ ਸੀ। ਉਹ 50 ਕਿੱਲੇ ਜਾਇਦਾਦ ਬਣਾ ਗਿਆ, ਬਾਕੀ ਕੋਈ ਮੋਟੀ ਕਮਾਈ ਉਸ ਨੇ ਨਹੀਂ ਕੀਤੀ। ਪੂਰੀ ਜ਼ਿੰਦਗੀ ਸਾਡਾ ਇਕੋ ਬੈਂਕ ਖ਼ਾਤਾ ਰਿਹਾ ਹੈ।
ਬਲਕੌਰ ਸਿੰਘ ਨੇ ਕਿਹਾ ਕਿ ਉਹ ਸਰਕਾਰ ਨੂੰ ਅਪੀਲ ਕਰਦੇ ਹਨ ਕਿ ਜੋ ਪੈਸਾ ਉਹ ਟੈਕਸ ਵਜੋਂ ਦਿੰਦੇ ਹਨ, ਉਸ ਨੂੰ ਇਨਾਮ ਵਜੋਂ ਐਲਾਨ ਦਿੱਤਾ ਜਾਵੇ। ਗੋਲਡੀ ਬਰਾੜ ਕੋਈ ਵੱਡੀ ਚੀਜ਼ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪੰਜਾਬ ਦੀ ਜਵਾਨੀ ਗੈਂਗਸਟਰਾਂ ਹਵਾਲੇ ਕਰ ਰੱਖੀ ਹੈ।