ਮੁੱਖ ਮੰਤਰੀ ਨੇ ਦੁਆਬੇ ਖੇਤਰ ਲਈ ਕੀਤੇ ਵੱਡੇ ਐਲਾਨ, ਭਗਤ ਸਿੰਘ ਦੇ ਨਾਮ ’ਤੇ ਬਣੇਗਾ ਖੇਡ ਸਟੇਡੀਅਮ

ਨਵਾਂਸ਼ਹਿਰ ਦੇ ਬੰਗਾ ਪਹੁੰਚੇ ਮੁੱਖ ਮੰਤਰੀ ਨੇ ਨਵਾਂ ਸ਼ਹਿਰ ਅਤੇ ਬੰਗਾ ਸਣੇ ਪੂਰੇ ਦੁਆਬੇ ਖੇਤਰ ਲਈ ਕਈ ਵੱਡੇ ਐਲਾਨ ਕੀਤੇ ਹਨ। ਮੁੱਖ ਮੰਤਰੀ ਨੇ ਬੰਗਾ ਵਿਖੇ ਡਾ. ਅੰਬੇਡਕਰ ਦੇ ਨਾਮ ‘ਤੇ ਡਿਗਰੀ ਕਾਲਜ ਬਣਾਉਣ ਦਾ ਐਲਾਨ ਕੀਤਾ ਹੈ ਜਿਸ ਲਈ ਮੁੱਖ ਮੰਤਰੀ ਨੇ 15 ਕਰੋੜ ਦੀ ਗ੍ਰਾਂਟ ਦੇਣ ਦਾ ਭਰੋਸਾ ਵੀ ਦਵਾਇਆ ਹੈ। ਇਸ ਦੇ ਨਾਲ ਹੀ ਉਨ੍ਹਾਂ ਖਟਕੜ ਕਲਾਂ ਵਿਖੇ ਭਗਤ ਸਿੰਘ ਜੀ ਦੇ ਨਾਮ ਤੇ ਖੇਡ ਸਟੇਡੀਅਮ ਬਣਾਉਣ ਦੀ ਐਲਾਨ ਵੀ ਕੀਤਾ ਹੈ।

ਇਸ ਦੇ ਨਾਲ ਹੀ ਮੁੱਖ ਮੰਤਰੀ ਨੇ ਬੰਗਾ ਗੜ੍ਹਸ਼ੰਕਰ ਰੋਡ ਨੂੰ ਵੀ ਨਵਾਂ ਬਣਾਉਣ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨੇ ਇਲਾਕੇ ਦੇ ਵਿਕਾਸ ਲਈ ਕਈ ਹੋਰ ਅਹਿਮ ਐਲਾਨ ਵੀ ਕੀਤੇ ਹਨ। ਇਸ ਦੌਰਾਨ ਮੁੱਖ ਮੰਤਰੀ ਚੰਨੀ ਨੇ ਆਪ ਸੁਪਰੀਮੋ ਕੇਜਰੀਵਾਲ ਨੂੰ ਵੀ ਲੰਮੇ ਹੱਥੀਂ ਲਿਆ ਹੈ।
ਮੁੱਖ ਮੰਤਰੀ ਨੇ ਕੇਜਰੀਵਾਲ ਤੇ ਤੰਜ ਕਸਦਿਆਂ ਕਿਹਾ ਕਿ ਕੇਜਰੀਵਾਲ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਸਹੂਲਤਾਂ ਦੇਣ ਦੇ ਫਾਰਮ ਭਰਵਾ ਰਿਹਾ ਹੈ, ਉਹ ਕੰਮ ਕਾਂਗਰਸ ਸਰਕਾਰ ਨੇ ਪਹਿਲਾਂ ਹੀ ਕਰ ਦਿੱਤੇ ਹਨ ਜਿਸ ਦਾ ਅਸਰ ਵੀ ਪੰਜਾਬ ਵਿੱਚ ਨਜ਼ਰ ਆਉਣ ਲੱਗਿਆ ਹੈ।
ਜਿਵੇਂ ਜਿਵੇਂ ਵੋਟਾਂ ਨੇੜੇ ਆ ਰਹੀਆਂ ਨੇ ਪੰਜਾਬ ਵਿੱਚ ਐਲਾਨਾਂ ਦੀ ਭਰਮਾਰ ਲੱਗੀ ਹੋਈ ਹੈ। ਕਾਂਗਰਸ ਸੱਤਾ ਵਿੱਚ ਹੋਣ ਦਾ ਫਾਇਦਾ ਚੁੱਕਦਿਆਂ ਲੋਕਾਂ ਨੂੰ ਤੋਹਫੇ ਤੇ ਤੋਹਫੇ ਵੰਡ ਰਹੀ ਹੈ ਜਦਕਿ ਕੇਜਰੀਵਾਲ ਅਤੇ ਅਕਾਲੀ ਲੋਕਾਂ ਨੂੰ ਆਪਣੇ ਹੱਥ ਹੇਠ ਕਰਨ ਲਈ ਹਰ ਸੰਭਵ ਐਲਾਨ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹਨ ਪਰ ਇਹ ਐਲਾਨ ਲੋਕਾਂ ਨੂੰ ਕਿੰਨੇ ਕੁ ਪਸੰਦ ਆਉਂਦੇ ਨੇ ਇਹ ਤਾਂ ਸਮਾਂ ਹੀ ਦੱਸੇਗਾ।
