ਮੁੱਖ ਮੰਤਰੀ ਨੇ ਕੇਂਦਰ ਸਰਕਾਰ ਨੂੰ ਸੁੰਗੜੇ ਹੋਏ ਦਾਣਿਆਂ ਲਈ ਢਿੱਲ ਦੇਣ ਦੀ ਕੀਤੀ ਅਪੀਲ

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਮੰਤਰੀ ਮੰਡਲ ਨੇ ਕਣਕ ਦੀ ਖਰੀਦ ਦੇ ਚੱਲ ਰਹੇ ਸੀਜ਼ਨ ਦੌਰਾਨ ਸੁੰਗੜੇ ਹੋਏ ਦਾਣਿਆਂ ਦੇ ਨਿਯਮਾਂ ਨੂੰ ਮੁੜ ਵਿਚਾਰਨ ਲਈ ਸੂਬਾ ਸਰਕਾਰ ਦੀ ਬੇਨਤੀ ਨੂੰ ਪ੍ਰਵਾਨ ਕਰਨ ਲਈ ਕੇਂਦਰ ਸਰਕਾਰ ਦੇ ਫ਼ੈਸਲੇ ਦਾ ਸਵਾਗਤ ਕੀਤਾ ਹੈ। ਕੇਂਦਰ ਸਰਕਾਰ ਨੂੰ ਨਿਯਮਾਂ ਵਿੱਚ ਢਿੱਲ ਦੇਣ ਦੇ ਮਸਲੇ ਤੇ ਛੇਤੀ ਹੁਕਮ ਜਾਰੀ ਕਰਨ ਲਈ ਅਪੀਲ ਕਰਨ ਦਾ ਫ਼ੈਸਲਾ ਵੀ ਕੀਤਾ ਗਿਆ।

ਇਹ ਪ੍ਰਗਟਾਵਾ ਕਰਦਿਆਂ ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਖੁਰਾਕ, ਸਿਵਲ ਸਪਲਾਈਜ਼ ਅਤੇ ਖਪਤਕਾਰ ਮਾਮਲਿਆਂ ਦੇ ਸਕੱਤਰ ਨੇ ਮੰਤਰੀ ਮੰਡਲ ਨੂੰ ਕਣਕ ਦੀ ਚੱਲ ਰਹੀ ਖਰੀਦ ਦੇ ਪ੍ਰਗਤੀ ਬਾਰੇ ਜਾਣੂੰ ਕਰਵਾਇਆ। ਮੰਡੀਆਂ ਵਿੱਚ 14.9 ਲੱਖ ਮੀਟਰਕ ਟਨ ਕਣਕ ਪਹੁੰਚ ਚੁੱਕੀ ਹੈ ਜਿਸ ਵਿੱਚੋਂ 12 ਲੱਖ ਮੀਟਰਕ ਟਨ ਤੋਂ ਵੱਧ ਕਣਕ ਖਰੀਦੀ ਜਾ ਚੁੱਕੀ ਹੈ।
ਉਹਨਾਂ ਦੱਸਿਆ ਕਿ ਬੀਤੇ ਦਿਨ 5 ਲੱਖ ਮੀਟਰਕ ਟਨ ਦੀ ਆਮਦ ਹੋਈ ਜਿਸ ਵਿੱਚੋਂ 2 ਲੱਖ ਮੀਟਰਕ ਟਨ ਤੋਂ ਵੱਧ ਦੀ ਖਰੀਦ ਉਸੇ ਦਿਨ ਹੀ ਕਰ ਲਈ ਗਈ। ਉਹਨਾਂ ਕਿਹਾ ਕਿ ਸੂਬੇ ਵਿੱਚ ਸੁੰਗੜੇ ਦਾਣਿਆਂ ਦੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਕੇਂਦਰੀ ਟੀਮਾਂ ਦੇ ਛੇਤੀ ਗਠਨ ਦਾ ਸਵਾਗਤ ਕਰਦਿਆਂ ਮੰਤਰੀ ਮੰਡਲ ਨੇ ਕੇਂਦਰ ਸਰਕਾਰ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਅਨਾਜ ਦੇ ਸੁੰਗੜੇ ਦਾਣਿਆਂ ਦੇ ਨਿਯਮਾਂ ਵਿੱਚ ਬਿਨਾਂ ਕਿਸੇ ਮੁੱਲ ਦੀ ਕਟੌਤੀ ਦੇ ਢਿੱਲ ਦਿੱਤੀ ਜਾਵੇ ਕਿਉਂਕਿ ਕਿਸਾਨਾਂ ਨੂੰ ਘੱਟ ਪੈਦਾਵਾਰ ਦੇ ਕਾਰਨ ਪਹਿਲਾਂ ਹੀ ਬਹੁਤ ਮਾਰ ਪਈ ਹੈ।
ਅੱਤ ਦੀ ਗਰਮੀ ਕਾਰਨ ਕਈ ਥਾਵਾਂ ‘ਤੇ ਕਣਕ ਦਾ ਦਾਣਾ ਸੁੰਗੜ ਗਿਆ ਹੈ ਅਤੇ ਇਨ੍ਹਾਂ ਮੰਡੀਆਂ ‘ਚ ਆ ਰਹੇ ਅਨਾਜ ‘ਚ 6 ਫੀਸਦੀ ਦੀ ਮਨਜ਼ੂਰ ਸ਼ੁਦਾ ਹੱਦ ਤੋਂ ਵੱਧ ਦਾਣਾ ਸੁੰਗੜਿਆ ਹੋਇਆ ਹੈ। ਇਸ ਉਪਰੰਤ ਭਾਰਤ ਸਰਕਾਰ ਦੇ ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਕੱਲ ਸੂਬੇ ‘ਚ ਅਨਾਜ ਦੀ ਹੱਦ ਦਾ ਮੁਲਾਂਕਣ ਕਰਨ ਲਈ ਪੰਜ ਟੀਮਾਂ ਦਾ ਗਠਨ ਕੀਤਾ ਸੀ।
ਟੀਮਾਂ ਰਸਤੇ ‘ਚ ਹਨ ਅਤੇ ਮੰਡੀਆਂ ਵਿਚ ਆ ਰਹੇ ਸੁੰਗੜੇ ਹੋਏ ਅਨਾਜ ਦੀ ਹੱਦ ਦਾ ਮੁਲਾਂਕਣ ਕਰਨ ਲਈ ਜਲਦ ਹੀ ਸੂਬੇ ਵਿੱਚ ਪਹੁੰਚਣਗੀਆਂ। ਇਹ ਡੇਟਾ ਨਿਯਮਾਂ ‘ਚ ਢੁਕਵੀਂ ਢਿੱਲ ਦੇਣ ਬਾਰੇ ਅੰਤਿਮ ਫੈਸਲਾ ਲੈਣ ਲਈ ਭਾਰਤ ਸਰਕਾਰ ਦੀ ਮਦਦ ਕਰੇਗਾ।
