ਮੁਫ਼ਤ ਬਿਜਲੀ ਦੀ ਸਹੂਲਤ ਲਈ ਲੋਕਾਂ ਨੇ ਅਪਣਾਇਆ ਇਹ ਰਾਹ, ਬਿਜਲੀ ਮਹਿਕਮਾ ਕਰੇਗਾ ਕਾਰਵਾਈ

ਮੁਫ਼ਤ ਬਿਜਲੀ ਦੀ ਸਹੂਲਤ ਲੈਣ ਲਈ ਲੋਕਾਂ ਨੇ ਘਰਾਂ ਵਿੱਚ ਦੋ-ਦੋ ਮੀਟਰ ਲਵਾ ਲਏ ਹਨ। ਪਹਿਲਾਂ ਤਾਂ ਬਿਜਲੀ ਮਹਿਕਮਾ ਧੜਾ-ਧੜ ਮੀਟਰ ਲਾਉਂਦਾ ਗਿਆ ਪਰ ਹੁਣ ਸਖ਼ਤੀ ਦੇ ਰੌਂਅ ਵਿੱਚ ਹੈ। ਇਸ ਸਮੇਂ ਬਿਜਲੀ ਮਹਿਕਮੇ ਕੋਲ ਵੱਡੇ ਪੱਧਰ ਤੇ ਅਰਜ਼ੀਆਂ ਪਈਆਂ ਹਨ। ਮੌਜੂਦਾ ਸਰਕਾਰ ਵੱਲੋਂ ਸੂਬੇ ਵਿੱਚ 600 ਯੂਨਿਟ ਤੱਕ ਬਿਜਲੀ ਮੁਫ਼ਤ ਕਰਨ ਦੇ ਫ਼ੈਸਲੇ ਤੋਂ ਬਾਅਦ ਲੋਕ ਨਵੇਂ ਮੀਟਰ ਲਵਾ ਰਹੇ ਹਨ।
ਸੂਤਰਾਂ ਮੁਤਾਬਕ ਪਾਵਰਕੌਮ ਨੇ ਹੁਣ ਇੱਕ ਇਮਾਰਤ ਵਿੱਚ ਦੋ ਮੀਟਰ ਲਾਉਣ ਦੀ ਪ੍ਰਕਿਰਿਆ ਤੇ ਰੋਕ ਲਾ ਦਿੱਤੀ ਹੈ। ਇਸ ਦੇ ਨਾਲ ਹੀ ਇੱਕ ਇਮਾਰਤ ਵਿੱਚ ਲੱਗੇ ਦੋ ਮੀਟਰਾਂ ਦੀ ਜਾਂਚ ਦਾ ਕੰਮ ਉੱਡਣ ਦਸਤੇ ਨੂੰ ਸੌਂਪ ਦਿੱਤਾ ਹੈ। ਇਸ ਦੀ ਰਿਪੋਰਟ ਆਉਣ ਮਗਰੋਂ ਮੀਟਰ ਲਾਉਣ ਸਬੰਧੀ ਫ਼ੈਸਲਾ ਲਿਆ ਜਾਵੇਗਾ।
ਸੂਤਰਾਂ ਮੁਤਾਬਕ ਮਹਿਕਮੇ ਨੂੰ ਖਦਸ਼ਾ ਹੈ ਕਿ ਲੋਕ ਇੱਕ ਇਮਾਰਤ ਵਿੱਚ ਦੋ ਮੀਟਰ ਲਵਾ ਕੇ ਸਕੀਮ ਦਾ ਨਾਜਾਇਜ਼ ਫ਼ਾਇਦਾ ਚੁੱਕ ਰਹੇ ਹਨ। ਉਡਣ ਦਸਤਾ ਇਹ ਜਾਂਚ ਕਰੇਗਾ ਕਿ ਹੁਣ ਤੱਕ ਮੀਟਰ ਨਿਯਮਾਂ ਮੁਤਾਬਕ ਲੱਗੇ ਹਨ ਜਾਂ ਨਹੀਂ।
ਮਹਿਕਮੇ ਵੱਲੋਂ ਮੀਟਰ ਲਵਾਉਣ ਦੀਆਂ ਅਰਜ਼ੀਆਂ ਲੈ ਕੇ ਆ ਰਹੇ ਲੋਕਾਂ ਨੂੰ ਕਿਹਾ ਜਾ ਰਿਹਾ ਹੈ ਕਿ ਵਿਭਾਗ ਵੱਲੋਂ ਇੱਕ ਇਮਾਰਤ ਵਿੱਚ ਦੋ ਮੀਟਰ ਲਾਉਣ ਵਾਲੀ ਸਕੀਮ ਤੇ ਰੋਕ ਲਾ ਦਿੱਤੀ ਗਈ ਹੈ। ਇਸ ਸਬੰਧੀ ਪਾਵਰਕੌਮ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਫ਼ਤ ਬਿਜਲੀ ਦੇ ਐਲਾਨ ਮਗਰੋਂ ਨਵੇਂ ਮੀਟਰ ਲਵਾਉਣ ਵਾਲਿਆਂ ਦੀ ਗਿਣਤੀ ਕਾਫ਼ੀ ਵੱਧ ਗਈ ਹੈ।