ਮੀਂਹ ਨੇ ਚਾਰੇ ਪਾਸੇ ਕੀਤਾ ਪਾਣੀ-ਪਾਣੀ, ਫਿਰ ਵੀ ਕਿਸਾਨਾਂ ਦੇ ਹੌਂਸਲੇ ਬੁਲੰਦ

ਸਾਵਣ ਮਹੀਨਾਂ ਚੜ੍ਹਦਿਆਂ ਹੀ ਮੀਂਹ ਨੇ ਛਹਿਬਰ ਲਾਈ ਹੋਈ ਹੈ। ਪੰਜਾਬ ਦੇ ਕਈ ਹਿੱਸਿਆਂ ਵਿੱਚ ਮੀਂਹ ਲਗਾਤਾਰ ਪੈ ਰਿਹਾ ਹੈ। ਉੱਥੇ ਹੀ ਦਿੱਲੀ ਵਿੱਚ ਵੀ ਮੀਂਹ ਕਾਰਨ ਲੋਕਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਿੱਲੀ ਵਿੱਚ ਕਿਸਾਨ ਪਿਛਲੇ ਅੱਠ ਮਹੀਨਿਆਂ ਤੋਂ ਕੇਂਦਰ ਵੱਲੋਂ ਪਾਸ ਕੀਤੇ ਤਿੰਨ ਖੇਤੀ ਕਾਨੂੰਨਾਂ ਦਾ ਵਿਰੋਧ ਵਿੱਚ ਸ਼ਾਂਤਮਈ ਢੰਗ ਨਾਲ ਪ੍ਰਦਰਸ਼ਨ ਕਰ ਰਹੇ ਹਨ। ਹਾਲ ਹੀ ‘ਚ ਹੋਈ ਬਾਰਸ਼ ਨਾਲ ਕਿਸਾਨਾਂ ਦੇ ਟੈਂਟਾਂ ‘ਚ ਵੀ ਪਾਣੀ ਵੜ ਗਿਆ। ਇਸ ਦੇ ਬਾਵਜੂਦ ਕਿਸਾਨਾਂ ਦੇ ਹੌਂਸਲੇ ਬੁਲੰਦ ਦਿੱਸੇ।

ਕਿਸਾਨਾਂ ਨੇ ਹੁਣ ਆਪਣੀ ਅਗਲੀ ਰਣਨੀਤੀ ਤਹਿਤ ਸੰਸਦ ਦੇ ਮੌਨਸੂਨ ਇਜਲਾਸ ਦੌਰਾਨ 200-200 ਦੇ ਗਰੁੱਪ ‘ਚ ਪਾਰਲੀਮੈਂਟ ਜਾ ਕੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਕਿਸਾਨਾਂ ਨੇ ਠੰਢ, ਗਰਮੀ ਤੇ ਬਰਸਾਤ ਦੇ ਮੌਸਮ ਇਸੇ ਥਾਂ ਆਪਣੀਆਂ ਮੰਗਾਂ ਨੂੰ ਮੰਨਾਉਣ ਲਈ ਕੱਢ ਦਿੱਤੇ ਤੇ ਕਿਸੇ ਵੀ ਮੌਸਮ ਨਾਲ ਕਿਸਾਨਾਂ ਦੇ ਹੌਂਸਲੇ ਘੱਟ ਹੁੰਦੇ ਨਜ਼ਰ ਨਹੀਂ ਆਏ। ਲੁਧਿਆਣਾ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਸੜਕਾਂ ਤੇ ਬਹੁਤ ਜ਼ਿਆਦਾ ਪਾਣੀ ਖੜ੍ਹ ਗਿਆ ਹੈ ਤੇ ਵਾਹਨ ਵੀ ਸੜਕਾਂ ਵਿੱਚ ਧਸ ਗਏ ਹਨ।
ਇਸ ਦੌਰਾਨ ਲੋਕਾਂ ਦਾ ਗੁੱਸਾ ਪ੍ਰਸ਼ਾਸਨ ‘ਤੇ ਫੁੱਟ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਲੁਧਿਆਣਾ ਦੇ ਰੇਲਵੇ ਸਟੇਸ਼ਨ ਰੋਡ ‘ਤੇ ਪਾਣੀ ਇੰਨਾ ਜਮ੍ਹਾ ਹੋ ਗਿਆ ਹੈ ਕਿ ਸੀਵਰੇਜ਼ ਪਾਉਣ ਕਾਰਨ ਲੋਕਾਂ ਦਾ ਗੱਡੀਆਂ ਪਾਣੀ ‘ਚ ਫਸ ਗਈਆਂ ਹਨ। ਉਹਨਾਂ ਪ੍ਰਸ਼ਾਸਨ ‘ਤੇ ਲਾਪਰਵਾਹੀ ਵਰਤਣ ਦੇ ਇਲਜ਼ਾਮ ਵੀ ਲਾਏ। ਉੱਧਰ ਗੱਲ ਕਰੀਏ ਨਕੋਦਰ ਦੀ ਤਾਂ ਇੱਥੋਂ ਦੇ ਲੋਕਾਂ ਨੇ ਕਿਹਾ ਕਿ ਜੋ ਨਗਰ ਕੌਂਸਲ ਆਪਣਾ ਦਫਤਰ ਮੀਂਹ ਪਾਣੀ ਤੋਂ ਬਚਾਅ ਨਹੀਂ ਸਕਿਆ।
ਉਸ ਨੇ ਸ਼ਹਿਰ ਨੂੰ ‘ਏ ਕਲਾਸ’ ਦੀਆਂ ਸੁਵਿਧਾਵਾਂ ਕੀ ਦੇਣੀਆਂ। ਲੋਕਾਂ ਨੇ ਇਲਜ਼ਾਮ ਲਾਇਆ ਕਿ ਬਰਸਾਤਾਂ ਦੇ ਪਾਣੀ ਦੇ ਨਿਕਾਸ ਦਾ ਕੋਈ ਉਚਿਤ ਪ੍ਰਬੰਧ ਨਹੀਂ ਹੈ ਅਤੇ ਮਹਿਜ਼ ਕਾਗਜ਼ਾਂ ਵਿੱਚ ਹੀ ਨਕੋਦਰ ਸ਼ਹਿਰ ਨੂੰ ਪਿਛਲੀ ਟਰਮ ਦੀ ਕਮੇਟੀ ਨੇ ‘ਏ ਕਲਾਸ’ ਦਾ ਦਰਜਾ ਦਵਾ ਦਿੱਤਾ।
