ਮਾਸਕ ਨਾ ਲਗਾਉਣ ਵਾਲਿਆਂ ’ਤੇ ਰੇਲਵੇ ਲਗਾ ਰਿਹਾ ਹੈ ਭਾਰੀ ਜ਼ੁਰਮਾਨਾ

ਮਹਾਂਰਾਸ਼ਟਰ ਵਿੱਚ ਵਧ ਰਹੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਅਲਰਟ ਹੋ ਗਈ ਹੈ। ਇਸ ਤਹਿਤ ਰੇਲਵੇ ਵਿਭਾਗ ਬਿਨ੍ਹਾਂ ਮਾਸਕ ਸਫ਼ਰ ਕਰਨ ਵਾਲੇ ਯਾਤਰੀਆਂ ਨੂੰ ਭਾਰੀ ਜ਼ੁਰਮਾਨਾ ਲਗਾ ਰਹੀ ਹੈ। ਪੱਛਮੀ ਰੇਲਵੇ ਨੇ 1 ਤੋਂ 6 ਮਾਰਚ ਤਕ ਕੁੱਲ 8.83 ਲੱਖ ਰੁਪਏ ਯਾਤਰੀਆਂ ਤੋਂ ਜ਼ੁਰਮਾਨਾ ਵਸੂਲਿਆ ਹੈ। ਰੇਲਵੇ ਨੇ ਬਿਆਨ ਜਾਰੀ ਕਰ ਜਾਣਕਾਰੀ ਦਿੱਤੀ ਹੈ।

ਪੱਛਮੀ ਰੇਲਵੇ ਨੇ ਬ੍ਰਿਹਨਮੁੰਬਈ ਮਿਊਂਸਿਪਲ ਕਾਰਪੋਰੇਸ਼ਨ ਦੇ ਸਹਿਯੋਗ ਨਾਲ ਫਰਵਰੀ ਦੌਰਾਨ ਕੁੱਲ 5.97 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਸੀ। ਰੇਲਵੇ ਨੇ ਦਸਿਆ ਪੱਛਮੀ ਰੇਲਵੇ ਨੇ 1 ਤੋਂ 6 ਮਾਰਚ ਦੌਰਾਨ ਜਿੰਨੇ ਵੀ ਯਾਤਰੀ ਬਿਨ੍ਹਾਂ ਮਾਸਕ ਦੇ ਯਾਤਰਾ ਕੀਤੀ ਸੀ ਉਹਨਾਂ ਨੂੰ ਜ਼ੁਰਮਾਨਾ ਲਗਾਇਆ ਗਿਆ ਸੀ। ਲਗਭਗ 3,819 ਲੋਕਾਂ ਤੇ ਜ਼ੁਰਮਾਨਾ ਲਗਾਇਆ ਗਿਆ ਸੀ, ਕਿਉਂ ਕਿ ਉਹਨਾਂ ਨੂੰ ਸਰਵਜਨਿਕ ਸਥਾਨਾਂ ’ਤੇ ਬਿਨਾਂ ਮਾਸਕ ਦੇ ਫੜਿਆ ਗਿਆ ਸੀ।
26 ਫਰਵਰੀ ਨੂੰ ਸਭ ਤੋਂ ਜ਼ਿਆਦਾ ਮਾਮਲੇ ਸਾਹਮਣੇ ਆਏ ਸਨ ਜਿਹਨਾਂ ਤੋਂ 75,200 ਰੁਪਏ ਇਕੱਠੇ ਹੋਏ ਸਨ। ਪਿਛਲੇ ਸਾਲ ਕੋਰੋਨਾ ਵਾਇਰਸ ਕਾਰਨ ਸਾਰੀਆਂ ਰੇਲਾਂ ਰੱਦ ਕਰ ਦਿੱਤੀਆਂ ਗਈਆਂ ਸਨ। 12 ਮਈ ਤੋਂ ਬਾਅਦ ਮਜ਼ਦੂਰ ਸਪੈਸ਼ਲ ਟ੍ਰੇਨ ਅਤੇ ਕੁੱਝ ਹੋਰ ਟ੍ਰੇਨਾਂ ਚਲਾਈਆਂ ਸਨ। ਮਿਲੀ ਜਾਣਕਾਰੀ ਮੁਤਾਬਕ ਕੋਰੋਨਾ ਕਾਲ ਵਿੱਚ ਰੇਲਵੇ ਨੂੰ ਕਰੀਬ 17000 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਕੇਸ ਘਟਣ ਦਾ ਨਾਮ ਨਹੀਂ ਲੈ ਰਹੇ। ਹੁਣ ਫਿਰ ਕੋਰੋਨਾ ਵਾਇਰਸ ਦੇ ਕੇਸ ਤੇਜ਼ੀ ਨਾਲ ਵਧ ਰਹੇ ਹਨ। ਪੰਜਾਬ ਦੇ ਕਈ ਸ਼ਹਿਰਾਂ ਵਿੱਚ ਰਾਤ ਦਾ ਕਰਫਿਊ ਵੀ ਜਾਰੀ ਕਰ ਦਿੱਤਾ ਗਿਆ ਹੈ। ਹਾਲਾਤ ਹੋਰ ਵਿਗੜਦੇ ਹਨ ਤਾਂ ਪਹਿਲਾਂ ਵਾਂਗ ਹੀ ਸਥਾਨਕ ਥਾਵਾਂ ਤੇ ਲੋਕਾਂ ਦੀ ਗਿਣਤੀ ਘਟਾ ਦਿੱਤੀ ਜਾਵੇਗੀ।
