ਮਾਲ ਗੱਡੀਆਂ ਬੰਦ ਹੋਣ ਕਾਰਨ ਅੱਕੇ ਵਪਾਰੀਆਂ ਨੇ ਕਿਸਾਨਾਂ ਨੂੰ ਕੀਤੀ ਖ਼ਾਸ ਅਪੀਲ

ਪੰਜਾਬ ਵਿੱਚ ਮਾਲ ਗੱਡੀਆਂ ਤੇ ਫਿਰ ਬ੍ਰੇਕ ਲੱਗੀ ਹੈ। ਹੁਣ ਜਦੋਂ ਕਿਸਾਨਾਂ ਨੇ ਮਾਲ ਗੱਡੀਆਂ ਨੂੰ ਆਉਣ ਦੀ ਇਜ਼ਾਜਤ ਦਿੱਤੀ ਹੈ ਤਾਂ ਰੇਲਵੇ ਨੇ ਮਾਲ ਗੱਡੀਆਂ ਤੇ ਰੋਕ ਲਗਾ ਦਿੱਤੀ ਹੈ। ਰੇਲਵੇ ਨੇ ਕਿਹਾ ਹੈ ਕਿ ਪੂਰੀ ਕਲੀਅਰੈਂਸ ਮਿਲਣ ਤੱਕ ਕੋਈ ਗੱਡੀ ਨਹੀਂ ਚਲਾਵਾਂਗੇ।

ਕਿਸਾਨਾਂ ਦੇ ਧਰਨੇ ਕਾਰਨ ਰੇਲਵੇ ਨੇ ਵੱਡਾ ਫੈਸਲਾ ਲਿਆ ਹੈ। ਇਸ ਦੇ ਚਲਦੇ ਲੁਧਿਆਣਾ ਦੇ ਵਪਾਰੀ ਕਾਫੀ ਚਿੰਤਾ ਵਿੱਚ ਦਿਖਾਈ ਦੇ ਰਹੇ ਹਨ। ਵਪਾਰੀਆਂ ਦਾ ਕਹਿਣਾ ਹੈ ਕਿ ਮਾਲ ਗੱਡੀਆਂ ਬੰਦ ਹੋਣ ਕਾਰਨ ਪੰਜਾਬ ਨੂੰ ਰੋਜ਼ਾਨਾ 15 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ।
ਲੁਧਿਆਣਾ ਦੇ ਵਪਾਰ ਮੰਡਲ ਦੇ ਪ੍ਰਧਾਨ ਨੇ ਕਿਹਾ ਕਿ ਲੁਧਿਆਣਾ, ਜਲੰਧਰ ਅਤੇ ਹੋਰ ਸੂਬਿਆਂ ਵਿੱਚ ਵਪਾਰੀਆਂ ਨੂੰ ਹੁਣ ਤਕ ਕਰੋੜਾਂ ਦਾ ਨੁਕਸਾਨ ਹੋ ਚੁੱਕਾ ਹੈ। ਉਹਨਾਂ ਨੇ ਕਿਸਾਨਾਂ ਨੂੰ ਧਰਨਾ ਖਤਮ ਕਰਨ ਦੀ ਫਰਿਆਦ ਕੀਤੀ ਹੈ ਅਤੇ ਕਿਹਾ ਕਿ ਜੇ ਅਜਿਹਾ ਹੀ ਚਲਦਾ ਰਿਹਾ ਤਾਂ ਵਪਾਰੀ ਵੀ ਖੁਦਕੁਸ਼ੀਆਂ ਦੀ ਰਾਹ ਤੇ ਆ ਜਾਣਗੇ।
ਇਸ ਦੇ ਨਾਲ ਹੀ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਕਿਹਾ ਉਹ ਰੇਲਵੇ ਮੰਤਰੀ ਨਾਲ ਗੱਲ ਕਰਨ ਅਤੇ ਇਹ ਮਸਲਾ ਹੱਲ ਕੀਤਾ ਜਾਵੇ।
