ਮਹਿੰਗਾਈ ਖਿਲਾਫ਼ ਅਕਾਲੀ ਦਲ ਬਾਦਲ ਦੇ ਵੱਖ-ਵੱਖ ਧਰਨੇ

ਸਿਆਸੀ ਪਾਰਟੀਆਂ ਅਪਣਾ ਸਿੱਕਾ ਜਮਾਉਣ ਲਈ ਹਰ ਤਰ੍ਹਾਂ ਦੇ ਹੱਥਕੰਡੇ ਅਪਣਾਉਂਦੀਆਂ ਹਨ। ਪਰ ਕਈ ਲੀਡਰ ਸੱਚਮੁੱਚ ਹੀ ਜਨਤਾ ਦੀਆਂ ਮੰਗਾਂ, ਬੇਨਤੀਆਂ ਸੁਣਦੇ ਹਨ ’ਤੇ ਉਹਨਾਂ ਦਾ ਹੱਲ ਕੱਢਦੇ ਹਨ। ਆਏ ਦਿਨ ਕਿਸੇ ਨਾ ਕਿਸੇ ਪਾਰਟੀ ਵੱਲੋਂ ਪੰਜਾਬ ਦੇ ਵੱਖ ਵੱਖ ਮੁੱਦਿਆਂ ’ਤੇ ਧਰਨੇ ਪ੍ਰਦਰਸ਼ਨ ਕੀਤੇ ਜਾਂਦੇ ਹਨ। ਅੱਜ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਸਬਾ ਡੇਰਾ ਬਾਬਾ ਨਾਨਕ ਅਤੇ ਕਸਬਾ ਕਲਾਨੌਰ ਵਿੱਚ 4 ਥਾਵਾਂ ਤੇ ਧਰਨੇ ਲਗਾਏ ਗਏ ਹਨ।

ਡੇਰਾ ਬਾਬਾ ਨਾਨਕ ਵਿੱਚ ਸਾਬਕਾ ਵਿਧਾਨ ਸਭਾ ਸਪੀਕਰ ਨਿਰਮਲ ਸਿੰਘ ਕਾਹਲੋਂ ਅਤੇ ਅਕਾਲੀ ਦਲ ਬਾਦਲ ਦੇ ਆਗੂ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੇ ਧਰਨੇ ਦਿੱਤੇ ਜਦਕਿ ਕਲਾਨੌਰ ਵਿੱਚ ਯੂਥ ਅਕਾਲੀ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਅਤੇ ਅਕਾਲੀ ਦਲ ਬਾਦਲ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਪੈਟਰੋਲ, ਡੀਜ਼ਲ ਅਤੇ ਮਹਿੰਗਾਈ ਦੀਆਂ ਵਧਦਾਂ ਕੀਮਤਾਂ ਅਤੇ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਕੀਤੇ ਗਏ ਵਾਅਦਿਆਂ ਨੂੰ ਪੂਰਾ ਨਾ ਕਰਨ ਖਿਲਾਫ਼ ਧਰਨੇ ਦਿੱਤੇ ਗਏ।
ਇਸ ਦੌਰਾਨ ਸਾਬਕਾ ਵਿਧਾਨ ਸਭਾ ਸਪੀਕਰ ਨਿਰਮਲ ਸਿੰਘ ਕਾਹਲੋਂ ਨੇ ਕਿਹਾ ਕਿ ਸਰਕਾਰ ਝੂਠੇ ਵਾਅਦੇ ਕਰ ਕੇ ਸਰਕਾਰ ਤਾਂ ਬਣ ਗਈ ਪਰ ਸੱਤਾ ਵਿੱਚ ਉਣ ਤੋਂ ਬਾਅਦ ਕੈਪਟਨ ਸਰਕਾਰ ਸਾਰੇ ਵਾਅਦੇ ਭੁੱਲ ਗਈ ਹੈ ਅਤੇ ਮਹਿੰਗਾਈ ਨੇ ਲੋਕਾਂ ਦਾ ਗੁਜ਼ਾਰਾ ਕਰਨਾ ਔਖਾ ਕਰ ਦਿੱਤਾ ਹੈ। ਉੱਥੇ ਹੀ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ ਨੇ ਪੁਰਾਣਾ ਬੱਸ ਅੱਡਾ ਚੌਂਕ ਵਿੱਚ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਬੇਘਰੇ ਦਲਿਤਾਂ ਨੂੰ ਘਰ ਬਣਾ ਕੇ ਦੇਣ, ਐਸਬੀ ਐਸਸੀ ਵਿਦਿਆਰਥੀਆਂ ਨੂੰ ਵਜ਼ੀਫ਼ੇ ਤੁਰੰਤ ਜਾਰੀ ਕਰਨ ਅਤੇ ਵਧਦੀ ਮਹਿੰਗਾਈ ਨੂੰ ਕੰਟਰੋਲ ਕਰਨ ਵਿੱਚ ਅਸਫ਼ਲ ਰਹੀ ਹੈ।
ਕਸਬਾ ਕਲਾਨੌਰ ਦੇ ਡਿਫੈਂਸ ਮਾਰਗ ’ਤੇ ਯੂਥ ਅਕਾਲੀ ਆਗੂ ਸੁਖਜਿੰਦਰ ਸਿੰਘ ਸੋਨੂੰ ਲੰਗਾਹ ਵੱਲੋਂ ਅਕਾਲੀ ਵਰਕਰਾਂ ਨਾਲ ਧਰਨਾ ਦਿੱਤਾ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਝੂਠ ਦੇ ਆਸਰੇ ਪੰਜਾਬ ਵਿੱਚ ਸਰਕਾਰ ਬਣਾਈ ਹੈ। ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦੇ ਭੁੱਲ ਗਈ ਹੈ ਅਤੇ ਲੋਕਾਂ ਨੂੰ ਮਹਿੰਗਾਈ ਦੇ ਮੂੰਹ ਵਿੱਚ ਧੱਕ ਦਿੱਤਾ ਹੈ। ਕਲਾਨੌਰ ਦੀ ਦਾਣਾ ਮੰਡੀ ਵਿੱਚ ਅਕਾਲੀ ਦਲ ਬਾਦਲ ਦੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਰੰਧਾਵਾ ਦੀ ਅਗਵਾਈ ਵਿੱਚ ਅਕਾਲੀ ਦਲ ਬਾਦਲ ਨੇ ਕੈਪਟਨ ਸਰਕਾਰ ਖਿਲਾਫ਼ ਧਰਨਾ ਦਿੰਦਿਆਂ ਸਰਕਾਰ ਤੋਂ ਮਹਿੰਗਾਈ ਤੇ ਰੋਕ ਲਗਾਉਣ ਲਈ ਕਿਹਾ।
