ਮਹਾਨ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ

ਕਰਤਾਰ ਸਿੰਘ ਸਰਾਭਾ, ਸ਼ਹੀਦ ਭਗਤ ਸਿੰਘ ਅਤੇ ਸ਼ਹੀਦ ਊਧਮ ਸਿੰਘ ਆਦਿ ਅਜਿਹੇ ਜਾਬਾਜ਼ ਪੰਜਾਬੀ ਨੌਜਵਾਨ ਸਨ ਜਿਹਨਾਂ ਦਾ ਨਾਂ ਅੱਜ ਦੇਸ਼ ਅੰਦਰ ਬੜੇ ਫਖ਼ਰ ਅਤੇ ਗੌਰਵ ਨਾਲ ਲਿਆ ਜਾਂਦਾ ਹੈ। 16 ਨਵੰਬਰ ਨੂੰ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਵਸ ਵਜੋਂ ਜਾਣਿਆ ਜਾਂਦਾ ਹੈ। ਕਰਤਾਰ ਸਿੰਘ ਸਰਾਭਾ ਦਾ ਜਨਮ 24 ਮਈ 1896 ਨੂੰ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਸਰਾਭਾ ਵਿਖੇ ਹੋਇਆ ਸੀ।

ਉਹਨਾਂ ਦੇ ਪਿਤਾ ਦਾ ਨਾਮ ਮੰਗਲ ਸਿੰਘ ਅਤੇ ਮਾਤਾ ਦਾ ਨਾਮ ਸਾਹਿਬ ਕੌਰ ਸੀ। ਕਰਤਾਰ ਸਿੰਘ ਅਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਹਾਲੇ ਕਰਤਾਰ ਸਿੰਘ ਛੋਟੇ ਹੀ ਸਨ ਕਿ ਉਹਨਾਂ ਦੇ ਪਿਤਾ ਅਕਾਲ ਚਲਾਣਾ ਕਰ ਗਏ ਜਿਸ ਤੋਂ ਬਾਅਦ ਉਹਨਾਂ ਦਾ ਪਾਲਣ-ਪੋਸ਼ਣ ਦਾਦਾ ਸ. ਬਚਨ ਸਿੰਘ ਦੇ ਮੋਢਿਆ ਤੇ ਆ ਪਈ। ਉਹਨਾਂ ਨੇ ਪੜ੍ਹਾਈ ਸਰਾਭਾ ਪਿੰਡ ਵਿਚੋਂ ਹਾਸਲ ਕੀਤੀ ਸੀ।
ਇਸ ਤੋਂ ਬਾਅਦ ਉਹ ਦਸਵੀਂ ਕਰਨ ਲਈ ਲੁਧਿਆਣਾ ਦੇ ਮਾਲਵਾ ਖਾਲਸਾ ਸਕੂਲ ਵਿਖੇ ਦਾਖਲ ਹੋ ਗਏ। ਉਹਨਾਂ ਨੇ ਉਚੇਰੀ ਸਿੱਖਿਆ ਲਈ ਅਮਰੀਕਾ ਵਿੱਚ ਦਾਖਲਾ ਲਿਆ। ਉਹਨਾਂ ਨੇ ਬਰਕਲੇ ਵਿੱਚ ਰਸਾਇਣ ਵਿਗਿਆਨ ਦੀ ਪੜ੍ਹਾਈ ਸ਼ੁਰੂ ਕਰ ਦਿੱਤੀ। ਅਮਰੀਕਾ ਵਿੱਚ ਵਸਦੇ ਭਾਰਤੀਆਂ ਨੇ 1913 ਈਸਵੀ ਵਿੱਚ ਗ਼ਦਰ ਨਾਂਅ ਦੀ ਪਾਰਟੀ ਬਣਾਈ, ਜਿਸ ਦੇ ਪ੍ਰਧਾਨ ਸੋਹਣ ਸਿੰਘ ਭਕਨਾ ਅਤੇ ਸਕੱਤਰ ਲਾਲਾ ਹਰਦਿਆਲ ਬਣਾਏ ਗਏ।
ਕਰਤਾਰ ਸਿੰਘ ਸਰਾਭਾ ਵੀ ਇਸ ਦੌਰਾਨ ਸੋਹਣ ਸਿੰਘ ਭਕਨਾ ਨੂੰ ਮਿਲੇ ਅਤੇ ਉਕਤ ਪਾਰਟੀ ਲਈ ਪੂਰੀ ਤਨਦੇਹੀ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ। ਪਾਰਟੀ ਦਾ ਕੇਂਦਰ ਸਾਨ ਫਰਾਂਸਿਸਕੋ ਬਣਾਇਆ ਗਿਆ ਤੇ ਇਸ ਨੇ ਦੇਸ਼ ਦੀ ਸੁਤੰਤਰਤਾ ਦੀ ਲੜਾਈ ਦੇ ਪ੍ਰਚਾਰ-ਹਿਤ ਗ਼ਦਰ ਨਾਂ ਦਾ ਹਫ਼ਤਾਵਾਰੀ ਅਖ਼ਬਾਰ ਕੱਢਿਆ।
ਕਰਤਾਰ ਸਿੰਘ ਸਰਾਭਾ ਭਾਰਤ ਆਉਣ ਵਾਲੇ ਸਿੱਖਾਂ ਦੇ ਮੁੱਖ ਜੱਥੇ ਤੋਂ ਲਗਭਗ ਇਕ ਮਹੀਨਾ ਪਹਿਲਾਂ ਹੀ ਭਾਵ 15 ਸਤੰਬਰ 1914 ਨੂੰ ਅਮਰੀਕਾ ਤੋਂ ਚੱਲ ਪਏ ਸਨ। ਉਹ ਕੋਲੰਬੋ ਦੇ ਰਸਤੇ ਭਾਰਤ ਪੁੱਜਾ ਅਤੇ ਗ਼ਦਰ ਪਾਰਟੀ ਦੇ ਸਾਨਫਰਾਂਸਿਸਕੋ ਵਿਚਾਲੇ ਯੁਗਾਂਤਰ ਆਸ਼ਰਮ ਦੇ ਮਾਡਲ ਵਰਗਾ ਇੱਕ ਕੇਂਦਰ ਅਪਣੇ ਪਿੰਡ ਵਿੱਚ ਸਥਾਪਿਤ ਕਰਨ ਵਿੱਚ ਕਾਮਯਾਬ ਹੋ ਗਏ।
ਜਦੋਂ ਭਾਈ ਪਰਮਾਨੰਦ ਲਹਿਰ ਦੀ ਅਗਵਾਈ ਕਰਨ ਦਸੰਬਰ 1914 ਨੂੰ ਭਾਰਤ ਪਹੁੰਚੇ ਤਾਂ ਉਦੋਂ ਤਕ ਕਰਤਾਰ ਸਿੰਘ ਲੁਧਿਆਣਾ ਜ਼ਿਲ੍ਹੇ ਵਿੱਚ ਅਪਣਾ ਪੂਰਾ ਪ੍ਰਭਾਵ ਕਾਇਮ ਕਰ ਚੁੱਕੇ ਸਨ। ਇਸ ਸਬੰਧੀ ਉਹ ਹਥਿਆਰ ਲੈਣ ਬੰਗਾਲ ਗਏ ਅਤੇ ਵਿਸ਼ਣੂ ਗਨੇਸ਼ ਪਿੰਗਲੇ, ਸਚਿੰਦਰ ਨਾਥ ਸਾਨਯਾਲ ਅਤੇ ਰਾਸ਼ ਬਿਹਾਰੀ ਬੋਸ ਵਰਗੇ ਕ੍ਰਾਂਤੀਕਾਰੀਆਂ ਨਾਲ ਮੁਲਾਕਾਤ ਕਰਨ ਉਪਰੰਤ ਹੋਰ ਵਧੇਰੇ ਊਰਜਾ ਪ੍ਰਾਪਤ ਕੀਤੀ।
ਪਲਾਨਿੰਗ ਅਨੁਸਾਰ ਵਿਦ੍ਰੋਹ ਫਰਵਰੀ 1915 ਨੂੰ ਅਰੰਭ ਹੋਣਾ ਸੀ ਪਰ ਇਸੇ ਦੌਰਾਨ ਕਿਰਪਾਲ ਸਿੰਘ ਨਾਂ ਦਾ ਇੱਕ ਸਰਕਾਰੀ ਮੁਖ਼ਬਰ ਗੁਪਤ ਤੌਰ ’ਤੇ ਪਾਰਟੀ ਵਿੱਚ ਸ਼ਾਮਲ ਹੋ ਗਿਆ ਸੀ। ਉਸ ਮੁਖ਼ਬਰ ਦੁਆਰਾ ਸਰਕਾਰ ਨੂੰ ਸਮਾਂ ਰਹਿੰਦੇ ਹੀ ਸਾਰੇ ਕਰਤਾਰ ਸਿੰਘ ਹੁਰਾਂ ਦੇ ਸਾਰੇ ਗੁਪਤ ਭੇਦ ਖੋਲ੍ਹਣ ਦੇ ਚੱਲਦਿਆਂ, ਵੱਡੇ ਪੱਧਰ ’ਤੇ ਗ਼ਦਰ ਪਾਰਟੀ ਦੇ ਉਕਤ ਬਹੁਤ ਸਾਰੇ ਨੇਤਾਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਪਰ ਕਰਤਾਰ ਸਿੰਘ, ਸੁਰਸਿੰਘ ਦਾ ਜਗਤ ਸਿੰਘ ਅਤੇ ਹਰਨਾਮ ਸਿੰਘ ਟੁੰਡੀਲਾਟ ਬਚ ਕੇ ਕਾਬੁਲ ਵੱਲ ਨਿਕਲ ਗਏ। ਉਕਤ ਤਿੰਨੋਂ ਜਦੋਂ ਆਪਣੀ ਮੁਹਿੰਮ ਨੂੰ ਜਾਰੀ ਰੱਖਣ ਲਈ ਪੰਜਾਬ ਪਰਤ ਰਹੇ ਸਨ ਤਾਂ ਪੁਲਸ ਨੇ 2 ਮਾਰਚ 1915 ਨੂੰ ਸ਼ਾਹਪੁਰ ਜ਼ਿਲ੍ਹੇ ਵਿੱਚ ਵਿਲਸਨਪੁਰ ਵਿਖੇ 22ਵੀਂ ਘੋੜ-ਸਵਾਰ ਫ਼ੌਜ ਦੇ ਜਵਾਨਾਂ ਨੂੰ ਵਰਗਲਾਉਣ ਦੇ ਉਦੇਸ਼ ਨਾਲ ਆਇਆਂ ਨੂੰ ਗ੍ਰਿਫ਼ਤਾਰ ਕਰ ਲਿਆ ਸੀ।
ਜਦੋਂ ਬਗ਼ਾਵਤ ਦੇ ਦੋਸ਼ ਅਧੀਨ ਕਰਤਾਰ ਸਿੰਘ ਸਰਾਭਾ ’ਤੇ ਮੁਕੱਦਮਾ ਚੱਲ ਰਿਹਾ ਸੀ ਤਾਂ ਉਸ ਨੇ ਤਮਾਮ ਦੋਸ਼ਾਂ ਦੀ ਸਮੁੱਚੀ ਜ਼ਿੰਮੇਵਾਰੀ ਆਪਣੇ ਖੁਦ ਉੱਪਰ ਲੈ ਲਈ ਸੀ ਤੇ ਇਹ ਸਭ ਸੁਣ ਕੇ ਜੱਜ ਹੱਕਾ-ਬੱਕਾ ਰਹਿ ਗਿਆ ਕਿ ਇੱਕ ਉੱਨੀ ਸਾਲਾਂ ਦੀ ਛੋਟੀ ਉਮਰ ਦਾ ਮੁੱਛ ਫੁੱਟ ਗਭਰੂ ਇੰਨੀ ਨਿਡਰਤਾ ਨਾਲ ਵਿਵਹਾਰ ਕਰ ਰਿਹਾ ਸੀ।
ਕਰਤਾਰ ਸਿੰਘ ਦੀ ਨਿੱਕੀ ਉਮਰ ਨੂੰ ਧਿਆਨ ਵਿੱਚ ਰੱਖਦਿਆਂ ਜੱਜ ਨੇ ਨੌਜਵਾਨ ਨੂੰ ਆਪਣੇ ਬਿਆਨ ਵਿੱਚ ਸੋਧ ਕਰਨ ਦੀ ਸਲਾਹ ਦਿੱਤੀ ਪਰ ਨਤੀਜਾ ਇਸਦੇ ਵਿਪਰੀਤ ਹੋਇਆ। ਕਰਤਾਰ ਸਿੰਘ ਨੇ ਇਸਦੇ ਉਲਟ ਹੋਰ ਵੀ ਦ੍ਰਿੜ੍ਹਤਾ ਨਾਲ ਬਿਆਨ ਦਿੱਤਾ ਅਤੇ ਪੂਰੀ ਸਾਜ਼ਿਸ਼ ਦਾ ਜ਼ਿੰਮੇਵਾਰ ਉਹ ਖ਼ੁਦ ਹੀ ਸੀ। ਇਸਦੇ ਆਧਾਰ ’ਤੇ ਉਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ।
