ਮਰਦਾਂ ਵੱਲੋਂ ਔਰਤਾਂ ਦੀ ਸੁਰੱਖਿਆ ਲਈ ਨਵੀਂ ਪਹਿਲ, ਲਾਲ ਮਾਸਕ ਪਾ ਕੀਤਾ ਪ੍ਰਦਰਸ਼ਨ

ਦੁਨੀਆ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਔਰਤਾਂ ’ਤੇ ਅੱਤਿਆਚਾਰ ਹੁੰਦੇ ਰਹਿੰਦੇ ਹਨ। 25 ਨਵੰਬਰ ਨੂੰ ਪੂਰੀ ਦੁਨੀਆ ਵਿੱਚ ਬੀਬੀਆਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਵੀ ਮਨਾਇਆ ਜਾਂਦਾ ਹੈ ਪਰ ਫਿਰ ਵੀ ਹਾਲੇ ਵੀ ਬੀਬੀਆਂ ’ਤੇ ਹੁੰਦੇ ਜ਼ੁਲਮ ਤੇ ਕਿਸੇ ਪਾਸਿਓਂ ਠੱਲ੍ਹ ਪੈਂਦੀ ਨਜ਼ਰ ਨਹੀਂ ਆ ਰਹੀ। ਇਟਲੀ ਬੇਸ਼ੱਕ ਔਰਤ ਪ੍ਰਧਾਨ ਦੇਸ਼ ਹੈ ਪਰ ਇੱਥੇ ਵੀ ਔਰਤਾਂ ਨਾਲ ਹਿੰਸਾ ਵਾਲੀਆਂ ਘਟਨਾਵਾਂ ਹੋਣਾ ਆਮ ਗੱਲ ਹੋ ਗਈ ਹੈ।

ਪਿਛਲੇ ਸਾਲ ਔਰਤਾਂ ਵਿਰੁੱਧ ਹਿੰਸਾ ਦੇ ਖਾਤਮੇ ਲਈ ਅੰਤਰਰਾਸ਼ਟਰੀ ਦਿਵਸ ਸਬੰਧੀ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਕਰਨ ਵਾਲੀ ਅੰਤਰਰਾਸ਼ਟਰੀ ਮਾਨਵਵਾਦੀ ਚੈਰੀਟੇਬਲ ਸੰਸਥਾ “ਤੈਰੇ ਦਿਸ ਹੋਮਜ਼ ਐਂਡ ਸਕੂਲਾਜੌ” ਵੱਲੋ ਕੀਤੇ ਵਿਸ਼ੇਸ਼ ਸਰਵੇ ਵਿੱਚ ਇਹ ਹੈਰਾਨੀ ਭਰਿਆ ਖੁਲਾਸਾ ਹੋਇਆ ਸੀ ਕਿ ਇਟਲੀ ਵਿੱਚ 13 ਸਾਲ ਤੋਂ 23 ਸਾਲ ਤੱਕ ਦੀਆਂ 10 ਵਿੱਚੋਂ 9 ਔਰਤਾਂ ਨੂੰ ਘਰੇਲੂ ਅੱਤਿਆਚਾਰ ਜਾਂ ਹਿੰਸਾ ਦਾ ਖਤਰਾ ਹੈ।
ਈਸਾਈ ਧਰਮ ਦੇ ਗੁਰੂ ਪੋਪ ਫਰਾਂਸਿਸ ਨੇ ਵੀ ਔਰਤਾਂ ਤੇ ਹੋ ਰਹੀ ਹਿੰਸਾ ਸਬੰਧੀ ਸ਼ਕਤੀਸ਼ਾਲੀ ਸੰਦੇਸ਼ ਦਿੰਦੇ ਹੋਏ ਲੋਕਾਂ ਨੂੰ ਔਰਤਾਂ ਦੀ ਬਿਹਤ ਸੁਰੱਖਿਆ ਦੀ ਪ੍ਰਾਰਥਨਾ ਕਰਨ ਲਈ ਵੀ ਕਿਹਾ ਸੀ। ਇਸ ਕਾਰਵਾਈ ਵਿੱਚ ਇਟਲੀ ਦੇ ਸ਼ਹਿਰ ਰੋਮ ਵਿਖੇ ਵੀ ਬੀਬੀਆਂ ’ਤੇ ਹੋ ਰਹੇ ਅੱਤਿਆਚਾਰ ਸੰਬੰਧੀ ਪ੍ਰਦਰਸ਼ਨ ਕੀਤਾ ਗਿਆ। ਮਰਦਾਂ ਦੇ ਵੱਡੇ ਇਕੱਠ ਵੱਲੋਂ ਮੂੰਹ ਤੇ ਲਾਲ ਮਾਸਕ ਪਹਿਨ ਕੇ ਇਹ ਪ੍ਰਦਰਸ਼ਨ ਕੀਤਾ ਗਿਆ।
ਉਨ੍ਹਾਂ ਦਾ ਮੰਨਣਾ ਹੈ ਕਿ ਬੀਬੀਆਂ ਤੇ ਹੋ ਰਹੇ ਅੱਤਿਆਚਾਰ ਨੂੰ ਬੰਦ ਕੀਤਾ ਜਾਣਾ ਚਾਹੀਦਾ ਹੈ ਤੇ ਮਰਦਾਂ ਵਾਲੇ ਸੱਭਿਆਚਾਰ ਵਿੱਚ ਬਦਲਾਵ ਹੋਣਾ ਚਾਹੀਦਾ ਹੈ ਪਰ ਕੋਰੋਨਾ ਮਹਾਮਾਰੀ ਅਤੇ ਤਾਲਾਬੰਦੀ ਨਾਲ ਔਰਤਾਂ ਉਪੱਰ ਅੱਤਿਆਚਾਰ ਮਾਮਲਿਆਂ ਵਿੱਚ ਵਾਧਾ ਹੋਇਆ ਹੈ। ਰੋਮ ਦੇ ਸ਼ਹਿਰ ਵਿੱਚ ਸਥਿਤ ਪਿਆਸਾ ਸੈਨ ਸਿਲਵੈਸਤਰੋ ਵਿੱਚ ਕੀਤੇ ਗਏ ਇਸ ਪ੍ਰਦਰਸ਼ਨ ਵਿੱਚ ਰੋਮ ਨਗਰ ਕੌਂਸਲ ਦੇ ਸਾਬਕਾ ਕੌਂਸਲਰ ਗਿਆਨਲੂਕਾ ਪੇਸੀਓਲਾ ਨੇ ਕਿਹਾ ਕਿ ਔਰਤਾਂ ਵਿਰੁਧ ਅੱਤਿਆਚਾਰ ਨੂੰ ਰੋਕਣ ਲਈ ਸਭ ਦਾ ਲਾਮਬੰਦ ਹੋਣਾ ਲਾਜ਼ਮੀ ਹੈ। ਮਰਦਾਂ ਵੱਲੋਂ ਕੀਤੇ ਜਾ ਰਹੇ ਅੱਤਿਆਚਾਰ ਨੂੰ ਬੰਦ ਕਰਨ ਲਈ ਆਵਾਜ਼ ਬੁਲੰਦ ਕੀਤੀ ਜਾ ਰਹੀ ਹੈ।
