ਮਦਰ ਡੇਅਰੀ ਨੇ ਫਿਰ ਵਧਾਈਆਂ ਦੁੱਧ ਦੀਆਂ ਕੀਮਤਾਂ, ਕੱਲ੍ਹ ਤੋਂ ਲਾਗੂ ਹੋਣਗੇ ਨਵੇਂ ਰੇਟ

ਦੇਖਦੇ ਹੀ ਦੇਖਦੇ ਮਹਿੰਗਾਈ ਇੰਨੀ ਵਧ ਗਈ ਹੈ ਕਿ ਗਰੀਬ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਮਦਰ ਡੇਅਰੀ ਨੇ ਫਿਰ ਤੋਂ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ ਅਤੇ ਵਧੀਆਂ ਹੋਈਆਂ ਕੀਮਤਾਂ ਕੱਲ੍ਹ ਤੋਂ ਲਾਗੂ ਹੋ ਜਾਣਗੀਆਂ। ਮਦਰ ਡੇਅਰੀ ਨੇ ਲਾਗਤ ਵਿੱਚ ਵਾਧੇ ਦਾ ਹਵਾਲਾ ਦਿੰਦੇ ਹੋਏ ਮੰਗਲਵਾਰ ਤੋਂ ਦਿੱਲੀ-ਐਨਸੀਆਰ ਬਾਜ਼ਾਰ ਵਿੱਚ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕਰਨ ਦਾ ਫ਼ੈਸਲਾ ਕੀਤਾ ਹੈ।
ਦੱਸ ਦਈਏ ਕਿ ਦਿੱਲੀ-ਐਨਸੀਆਰ ਵਿੱਚ ਰੋਜ਼ਾਨਾ 30 ਲੱਖ ਲੀਟਰ ਤੋਂ ਵੱਧ ਦੁੱਧ ਦੀ ਸਪਲਾਈ ਕਰਨ ਵਾਲੀ ਪ੍ਰਮੁੱਖ ਦੁੱਧ ਸਪਲਾਇਰਾਂ ਵਿੱਚੋਂ ਇੱਕ ਹੈ। ਮਦਰ ਡੇਅਰੀ ਦੀਆਂ ਕੀਮਤਾਂ ਵਿੱਚ 5ਵੀਂ ਵਾਰ ਵਾਧਾ ਕੀਤਾ ਗਿਆ ਹੈ। ਮਦਰ ਡੇਅਰੀ ਨੇ ਫੁੱਲ ਕਰੀਮ ਦੁੱਧ ਦੀਆਂ ਕੀਮਤਾਂ ਵਿੱਚ 2 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ, ਜਦੋਂ ਕਿ ਟੋਨਡ ਦੁੱਧ ਦੀ ਕੀਮਤ 51 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 53 ਰੁਪਏ ਪ੍ਰਤੀ ਲੀਟਰ ਕਰ ਦਿੱਤੀ ਗਈ ਹੈ।
ਡਬਲ-ਟੋਨਡ ਦੁੱਧ ਦਾ ਰੇਟ 45 ਰੁਪਏ ਪ੍ਰਤੀ ਲੀਟਰ ਤੋਂ ਵਧਾ ਕੇ 47 ਰੁਪਏ ਪ੍ਰਤੀ ਲੀਟਰ ਕਰ ਦਿੱਤਾ ਗਿਆ ਹੈ। ਮਦਰ ਡੇਅਰੀ ਨੇ ਗਾਂ ਦੇ ਦੁੱਧ ਅਤੇ ਟੋਕਨ ਦੁੱਧ ਦੇ ਵੇਰੀਐਂਟਸ ਦੀਆਂ ਕੀਮਤਾਂ ਨਾ ਵਧਾਉਣ ਦਾ ਫ਼ੈਸਲਾ ਕੀਤਾ ਹੈ। ਦੱਸਿਆ ਗਿਆ ਹੈ ਕਿ ਕੱਚੇ ਦੁੱਧ ਦੀ ਖ਼ਰੀਦ ਕੀਮਤਾਂ ਵਿੱਚ ਪਿਛਲੇ ਸਾਲ ਦੇ ਮੁਕਾਬਲੇ 24 ਫ਼ੀਸਦੀ ਦਾ ਵਾਧਾ ਹੋਇਆ ਹੈ। ਕੰਪਨੀ ਨੇ ਮੌਜੂਦਾ ਕੈਲੰਡਰ ਸਾਲ ਵਿੱਚ ਕੀਮਤ ਵਾਧੇ ਲਈ ਕਈ ਦੌਰ ਲਏ ਹਨ। ਆਖਰੀ ਵਾਧਾ 21 ਨਵੰਬਰ ਨੂੰ ਕੀਤਾ ਗਿਆ ਸੀ।