ਮਜੀਠੀਆ ਨੇ CM ਮਾਨ ਦੀ ਹਥਿਆਰ ਵਾਲੀ ਫ਼ੋਟੋ ਕੀਤੀ ਟਵੀਟ, ਕਿਹਾ, CM ਖਿਲਾਫ਼ ਦਰਜ ਹੋਵੇਗਾ ਕੇਸ?

 ਮਜੀਠੀਆ ਨੇ CM ਮਾਨ ਦੀ ਹਥਿਆਰ ਵਾਲੀ ਫ਼ੋਟੋ ਕੀਤੀ ਟਵੀਟ, ਕਿਹਾ, CM ਖਿਲਾਫ਼ ਦਰਜ ਹੋਵੇਗਾ ਕੇਸ?

ਪੰਜਾਬ ਸਰਕਾਰ ਨੇ ਗੰਨ ਕਲਚਰ ਖਿਲਾਫ਼ ਸਖ਼ਤੀ ਕੀਤੀ ਹੋਈ ਹੈ। ਇਸ ਦੇ ਚਲਦੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਹਥਿਆਰ ਨਾਲ ਫੋਟੋ ਸ਼ੇਅਰ ਕੀਤੀ ਹੈ। ਉਹਨਾਂ ਨੇ ਸਵਾਲ ਕੀਤਾ ਕਿ ਕੀ ਹੁਣ ਸੀਐਮ ਮਾਨ ਖਿਲਾਫ਼ ਵੀ ਕੇਸ ਦਰਜ ਹੋਵੇਗਾ?

ਦਰਅਸਲ ਅੰਮ੍ਰਿਤਸਰ ਵਿੱਚ 10 ਸਾਲ ਦੇ ਬੱਚੇ ਤੇ ਹੋਈ ਐਫਆਈਆਰ ਨੂੰ ਲੈ ਕੇ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਮਜੀਠੀਆ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਆੜੇ ਹੱਥੀਂ ਲਿਆ ਹੈ। ਉਹਨਾਂ ਟਵਿੱਟਰ ਤੇ ਸੀਐਮ ਭਗਵੰਤ ਮਾਨ ਦੀ ਹਥਿਆਰ ਫੜੇ ਹੋਏ ਦੀ ਤਸਵੀਰ ਟਵੀਟ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਤੰਜ ਕੱਸਦੇ ਹੋਏ ਕੁਝ ਲਾਈਨਾਂ ਵੀ ਲਿਖੀਆਂ ਹਨ।

ਬਿਕਰਮ ਮਜੀਠੀਆ ਨੇ ਸੀਐਮ ਭਗਵੰਤ ਮਾਨ ਦੀ ਬਹੁਤ ਪੁਰਾਣੀ ਤਸਵੀਰ ਟਵੀਟ ਕੀਤੀ ਹੈ। ਟਵੀਟ ‘ਚ ਮਜੀਠੀਆ ਨੇ ਸੀਐਮ ਮਾਨ ‘ਤੇ ਤੰਜ ਕੱਸਦੇ ਹੋਏ ਲਿਖਿਆ ਕਿ ਮਿੱਤਰਾਂ ਨੂੰ ਸੌਂਕ ਹਥਿਆਰਾਂ ਦਾ ਪਰ ਪਰਚੇ ਬੱਚਿਆਂ ‘ਤੇ ਹੋ ਰਹੇ ਹਨ। ਉਨ੍ਹਾਂ ਨੇ ਇਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਟੈਗ ਕੀਤਾ ਹੈ।

ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹਲਕਾ ਮਜੀਠਾ ਦੇ ਥਾਣਾ ਕੱਥੂਨੰਗਲ ਵਿਖੇ ਇਕ 10 ਸਾਲਾ ਬੱਚੇ ‘ਤੇ ਗੰਨ ਕਲਚਰ ਨੂੰ ਉਤਸ਼ਾਹਿਤ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਸੀ। ਹਾਲਾਂਕਿ ਤਸਵੀਰ ਪੁਰਾਣੀ ਸੀ ਅਤੇ ਬੱਚਾ ਉਦੋਂ 4 ਸਾਲ ਦਾ ਸੀ। ਇੰਨਾ ਹੀ ਨਹੀਂ ਇਹ ਤਸਵੀਰ ਬੱਚੇ ਨੇ ਆਪਣੇ ਕਿਸੇ ਸੋਸ਼ਲ ਅਕਾਊਂਟ ‘ਤੇ ਨਹੀਂ, ਸਗੋਂ ਉਸ ਦੇ ਪਿਤਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸ਼ੇਅਰ ਕੀਤੀ ਸੀ, ਉਹ ਵੀ 6 ਸਾਲ ਪਹਿਲਾਂ।

ਦੱਸ ਦਈਏ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਗੰਨ ਕਲਚਰ ਨੂੰ ਨੱਥ ਪਾਉਣ ਲਈ 13 ਨਵੰਬਰ ਨੂੰ ਜਨਤਕ ਤੌਰ ’ਤੇ ਹਥਿਆਰਾਂ ਦਾ ਪ੍ਰਦਰਸ਼ਨ ਕਰਨ ਤੇ ਸੋਸ਼ਲ ਮੀਡੀਆ ’ਤੇ ਹਥਿਆਰਾਂ ਨੂੰ ਹੱਲਾਸ਼ੇਰੀ ਦੇਣ ਵਾਲੀਆਂ ਪੋਸਟਾਂ ਪਾਉਣ ਤੇ ਗੀਤਾਂ ’ਤੇ ਪਾਬੰਦੀ ਲਗਾ ਦਿੱਤੀ ਸੀ।

Leave a Reply

Your email address will not be published. Required fields are marked *