ਮਜੀਠੀਆ ਨੂੰ ਜੇਲ੍ਹ ‘ਚ ਖਤਰਾ? ਹਰਸਿਮਰਤ ਬਾਦਲ ਤੇ ਪਤਨੀ ਗਨੀਵ ਦੀ ਵਧੀ ਚਿੰਤਾ

ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਨੂੰ ਜੇਲ੍ਹ ਵਿੱਚ ਜਾਨੋਂ ਮਾਰਨ ਦਾ ਖਤਸ਼ਾ ਜਤਾਇਆ ਹੈ। ਅਕਾਲੀ ਦਲ ਨੇ ਪਹਿਲਾਂ ਵੀ ਇਹ ਦਾਅਵਾ ਕੀਤਾ ਸੀ ਪਰ ਪੰਜਾਬ ਵਿੱਚ ਗੈਂਗਵਾਰ ਵਧਣ ਮਗਰੋਂ ਮਜੀਠੀਆ ਦੇ ਪਰਿਵਾਰ ਦਾ ਫਿਕਰ ਵਧ ਗਿਆ ਹੈ। ਇਸ ਦਾ ਵੱਡਾ ਕਾਰਨ ਇਹ ਹੈ ਕਿ ਜੇਲ੍ਹ ਵਿੱਚ ਕਈ ਖਤਰਨਾਕ ਗੈਂਗਸਟਰ ਵੀ ਬੰਦ ਹਨ।
ਮਜੀਠੀਆ ਦੀ ਭੈਣ ਹਰਸਿਮਰਤ ਬਾਦਲ ਅਤੇ ਮਜੀਠੀਆ ਦੀ ਪਤਨੀ ਗਨੀਵ ਕੌਰ ਵਫਦ ਨਾਲ ਬੁੱਧਵਾਰ ਨੂੰ ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੂੰ ਵੀ ਮਿਲੇ। ਅਕਾਲੀ ਦਲ ਦੇ ਵਫਦ ਦਾ ਕਹਿਣਾ ਹੈ ਕਿ ਮਜੀਠੀਆ ਤੇ ਕੋਈ ਵੀ ਬਰਾਮਦਗੀ ਪਾ ਕੇ ਉਹਨਾਂ ਨੂੰ ਇੱਕ ਹੋਰ ਝੂਠੇ ਕੇਸ ਵਿੱਚ ਫਸਾਇਆ ਜਾ ਸਕਦਾ ਹੈ।
ਵਫਦ ਨੇ ਰਾਜਪਾਲ ਤੋਂ ਏਡੀਜੀਪੀ ਜੇਲ੍ਹਾਂ ਦੇ ਅਹੁਦੇ ਤੋਂ ਹਰਪ੍ਰੀਤ ਸਿੱਧੂ ਨੂੰ ਹਟਾਉਣ ਦੀ ਮੰਗ ਕੀਤੀ। ਵਫਦ ਨੇ ਕਿਹਾ ਕਿ ਪਿਛਲੀ ਸਰਕਾਰ ਵਾਂਗੂ ਮੌਜੂਦਾ ਆਪ ਸਰਕਾਰ ਵੀ ਹਰਪ੍ਰੀਤ ਸਿੱਧੂ ਦੇ ਹੱਥਾਂ ਵਿੱਚ ਖੇਡ ਰਹੀ ਹੈ। ਹਰਸਿਮਰਤ ਅਤੇ ਗਨੀਵ ਕੌਰ ਨੇ ਕਿਹਾ ਕਿ ਸਿੱਧੂ ਦੀ ਮਜੀਠੀਆ ਪਰਿਵਾਰ ਨਾਲ ਦੁਸ਼ਮਣੀ ਚਲੀ ਆ ਰਹੀ ਹੈ। ਪੰਜਾਬ ਸਰਕਾਰ ਨੇ ਪਟਿਆਲਾ ਕੇਂਦਰੀ ਜੇਲ੍ਹ ਦੇ ਤਿੰਨ ਸੁਪਰਡੈਂਟ ਬਦਲ ਦਿੱਤੇ ਤਾਂ ਜੋ ਮਜੀਠੀਆ ਨੂੰ ਨਿਸ਼ਾਨਾ ਬਣਾਇਆ ਜਾ ਸਕੇ।
