ਮਜ਼ਦੂਰਾਂ ਨੂੰ ਠੇਕੇਦਾਰਾਂ ਤੋਂ ਮੁਕਤ ਕਰਾਇਆ ਜਾਵੇਗਾ ਅਤੇ 350 ਰੁਪਏ ਮਿਲੇਗੀ ਦਿਹਾੜੀ: ਸਿੱਧੂ

ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਮਦਨਪੁਰ ਚੌਂਕ ਵਿਖੇ ਪਹੁੰਚੇ। ਇੱਥੇ ਉਹਨਾਂ ਨੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਅਤੇ ਉਹਨਾਂ ਦੀਆਂ ਸਮੱਸਿਆਵਾਂ ਸੁਣੀਆਂ। ਮਜ਼ਦੂਰਾਂ ਨੇ ਦੱਸਿਆ ਕਿ ਜੇ ਦੋ ਦਿਨ ਉਹਨਾਂ ਦੀ ਦਿਹਾੜੀ ਲੱਗ ਜਾਂਦੀ ਹੈ ਤਾਂ ਫਿਰ ਉਹਨਾਂ ਨੂੰ ਅਗਲੇ 2 ਦਿਨ ਵਿਹਲੇ ਵੀ ਰਹਿਣਾ ਪੈਂਦਾ ਹੈ।

ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਨੂੰ ਲੈ ਕੇ ਵੀ ਨਵਜੋਤ ਸਿੱਧੂ ਨੇ ਸਵਾਲ-ਜਵਾਬ ਕੀਤੇ ਅਤੇ ਉਹਨਾਂ ਦੀ ਬਿਮਾਰੀ ਦੌਰਾਨ ਗੁਜ਼ਾਰਾ ਕਿਵੇਂ ਹੁੰਦਾ ਹੈ, ਅਜਿਹੇ ਵੀ ਕਈ ਸਵਾਲ ਪੁੱਛੇ। ਉਹਨਾਂ ਕਿਹਾ ਸੀ ਕਿ ਮਜ਼ਦੂਰਾਂ ਨੂੰ ਠੇਕੇਦਾਰਾਂ ਤੋਂ ਮੁਕਤ ਕਰਾਇਆ ਜਾਵੇਗਾ ਅਤੇ ਹਰ ਮਜ਼ਦੂਰ ਨੂੰ 350 ਰੁਪਏ ਦਿਹਾੜੀ ਮਿਲੇਗੀ। ਇਹ ਉਹਨਾਂ ਦੀ ਜ਼ੁਬਾਨ ਹੈ।
ਇਸ ਤੋਂ ਬਾਅਦ ਉਹਨਾਂ ਨੇ ਪ੍ਰੈਸ ਕਾਨਫਰੰਸ ਰਾਹੀਂ ਮਜ਼ਦੂਰਾਂ ਲਈ ਵੱਡੇ ਐਲਾਨ ਕੀਤੇ। ਉਹਨਾਂ ਕਿਹਾ ਕਿ ਉਹ ਕਾਫ਼ੀ ਸਾਲਾਂ ਤੋਂ ਤਜ਼ੁਰਬੇ ਤੋਂ ਬਾਅਦ ਪੰਜਾਬ ਮਾਡਲ ਲੈ ਕੇ ਆਏ ਹਨ। ਉਹਨਾਂ ਕਿਹਾ ਕਿ ਸਰਕਾਰਾਂ ਨੇ ਕਦੇ ਵੀ ਮਜ਼ਦੂਰ ਬਾਰੇ ਕੋਈ ਗੱਲ ਨਹੀਂ ਕੀਤੀ।
ਸਿੱਧੂ ਨੇ ਕਿਹਾ ਕਿ ਉਹਨਾਂ ਨੇ ਜਿੱਥੇ ਬੀਤੇ ਦਿਨ ਪੱਲੇਦਾਰ ਮਜ਼ਦੂਰਾਂ ਨਾਲ ਗੱਲਬਾਤ ਕੀਤੀ, ਉੱਥੇ ਹੀ ਅੱਜ ਮਜ਼ਦੂਰਾਂ ਨਾਲ ਗੱਲਬਾਤ ਕਰਨ ਲਈ ਉਹ ਮਦਨਪੁਰ ਚੌਂਕ ਵੀ ਪੁੱਜੇ ਅਤੇ ਉਹਨਾਂ ਨੂੰ ਪਤਾ ਲੱਗਿਆ ਕਿ ਜ਼ਿਆਦਾਤਰ ਮਜ਼ਦੂਰਾਂ ਦੀ ਰਜਿਸਟ੍ਰੇਸ਼ਨ ਨਹੀਂ ਹੋਈ ਹੈ। ਸਿੱਧੂ ਨੇ ਕਿਹਾ ਕਿ ਲੇਬਰ ਕਾਰਡ ਬਣਾਉਣ ਲਈ ਵੀ ਉਹਨਾਂ ਤੋਂ ਪੈਸੇ ਮੰਗੇ ਜਾ ਰਹੇ ਹਨ। ਮਨਰੇਗਾ ਦੀ ਤਰਜ਼ ਤੇ ਪੰਜਾਬ ਸਰਕਾਰ ਰੁਜ਼ਗਾਰ ਗਾਰੰਟੀ ਦੇਵੇਗੀ।
ਲੇਬਰ ਨੂੰ ਸ਼ਹਿਰੀ ਇਲਾਕਿਆਂ ਵਿੱਚ ਅਸੀਂ ਰੁਜ਼ਗਾਰ ਗਾਰੰਟੀ ਦੇਵਾਂਗੇ। ਉਹਨਾਂ ਕਿਹਾ ਕਿ ਅਸੀਂ ਅਨਸਕਿੱਲਡ ਲੇਬਰ ਲਈ ਵੀ ਯੋਜਨਾ ਲੈ ਕੇ ਆਵਾਂਗੇ। ਉਹਨਾਂ ਕਿਹਾ ਕਿ, ਮਹਿੰਗਾਈ ਇੰਨੀ ਜ਼ਿਆਦਾ ਵੱਧ ਗਈ ਹੈ ਪਰ ਮਜ਼ਦੂਰਾਂ ਦੀ ਦਿਹਾੜੀ ਨਹੀਂ ਵਧੀ, ਜਿਸ ਕਾਰਨ ਉਨ੍ਹਾਂ ਦਾ ਗੁਜ਼ਾਰਾ ਔਖਾ ਹੋ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਪੰਜਾਬ ਮਾਡਲ ‘ਚ ਮਜ਼ਦੂਰਾਂ ਦੇ ਭਲੇ ਨੂੰ ਪਹਿਲ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਜੇਕਰ ਮਜ਼ਦੂਰ ਰਜਿਸਟਰਡ ਨਹੀਂ ਹੋਵੇਗਾ ਤਾਂ ਉਸ ਨੂੰ ਕੋਈ ਲਾਭ ਨਹੀਂ ਮਿਲੇਗਾ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦਾ 8 ਘੰਟਿਆਂ ਤੋਂ ਵੱਧ ਕੋਈ ਕੰਮ ਨਹੀਂ ਹੋਣਾ ਚਾਹੀਦਾ ਹੈ। ਨਵਜੋਤ ਸਿੱਧੂ ਨੇ ਕਿਹਾ ਕਿ ਪੰਜਾਬ ਮਾਡਲ ਦੇ ਤਹਿਤ ਹਰ ਮਜ਼ਦੂਰ ਨੂੰ ਬੀ. ਪੀ. ਐੱਲ. ਕਾਰਡ ਦਿੱਤਾ ਜਾਵੇਗਾ।
