ਭ੍ਰਿਸ਼ਟਾਚਾਰੀ ਖਿਲਾਫ਼ ਸੀਐਮ ਭਗਵੰਤ ਮਾਨ ਅੱਜ ਕਰਨਗੇ ਵਟਸਐਪ ਨੰਬਰ ਜਾਰੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 17 ਮਾਰਚ ਨੂੰ ਐਲਾਨ ਕੀਤਾ ਸੀ ਕਿ 23 ਮਾਰਚ ਨੂੰ ਭ੍ਰਿਸ਼ਟਾਚਾਰੀ ਖਿਲਾਫ਼ ਹੈਲਪਲਾਈਨ ਨੰਬਰ ਜਾਰੀ ਕੀਤਾ ਜਾਵੇਗਾ। ਅੱਜ ਪੰਜਾਬ ਵਿੱਚ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰਨ ਲਈ ਅੱਜ ਸੀਐਮ ਭਗਵੰਤ ਮਾਨ ਵਟਸਐਪ ਨੰਬਰ ਜਾਰੀ ਕਰਨਗੇ ਜਿਸ ਤੇ ਕਾਲ ਕਰਕੇ ਜਾਂ ਫਿਰ ਮੈਸੇਜ ਕਰਕੇ ਪੰਜਾਬ ਦੇ ਲੋਕ ਸਰਕਾਰ ਕੋਲ ਸਿੱਧੀ ਆਪਣੀ ਸ਼ਿਕਾਇਤ ਪਹੁੰਚਾ ਸਕਣਗੇ।
ਰਿਸ਼ਵਤਖੋਰੀ ਖਿਲਾਫ਼ ਹਰ ਤਰ੍ਹਾਂ ਦੀ ਜਾਣਕਾਰੀ ਸਿੱਧੀ ਸਰਕਾਰ ਕੋਲ ਦੇ ਸਕਣਗੇ। ਦੱਸ ਦਈਏ ਕਿ ਅੱਜ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦਾ ਸ਼ਹੀਦੀ ਦਿਹਾੜਾ ਹੈ। ਇਸ ਸਬੰਧੀ ਫਿਰੋਜ਼ਪੁਰ ਦੇ ਹੁਸੈਨੀਵਾਲਾ ਵਿਖੇ ਰਾਜ ਪੱਧਰੀ ਸਮਾਗਮ ਕਰਵਾਇਆ ਜਾ ਰਿਹਾ ਹੈ।
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇੱਥੇ ਪਹੁੰਚ ਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਅਰਪਿਤ ਕਰਨਗੇ। ਸ਼ਹੀਦ ਭਗਤ ਸਿੰਘ, ਸ਼ਹੀਦ ਸੁਖਦੇਵ ਅਤੇ ਸ਼ਹੀਦ ਰਾਜਗੁਰੂ ਦੀ ਸ਼ਹੀਦੀ ਸਮਾਧ ਤੇ ਨਤਮਸਤਕ ਹੋਣਗੇ। ਇਸ ਮੌਕੇ ਸਮਾਧ ਨੂੰ ਬਸੰਤੀ ਰੰਗ ਦੇ ਫੁੱਲਾਂ ਨਾਲ ਸਜਾਇਆ ਜਾ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਪੰਜਾਬ ਵਿੱਚ ਛੁੱਟੀ ਦਾ ਵੀ ਐਲਾਨ ਕੀਤਾ ਸੀ।
