ਭਾਰੀ ਵਰਖਾ ਨੇ ਮਚਾਇਆ ਕਹਿਰ, 3 ਥਾਂਈ ਕੰਧਾਂ ਢਹਿਣ ਕਾਰਨ 18 ਲੋਕਾਂ ਦੀ ਮੌਤ

ਭਾਰੀ ਵਰਖਾ ਤੋਂ ਬਾਅਦ ਮੁੰਬਈ ਦੇ ਕਈ ਇਲਾਕਿਆਂ ਵਿੱਚ ਹੜ੍ਹ ਆ ਗਿਆ ਹੈ। ਮੁੰਬਈ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਐਤਵਾਰ ਤੜਕੇ ਮੀਂਹ ਪੈਣ ਕਾਰਨ ਵੱਖ-ਵੱਖ ਥਾਵਾਂ ਤੇ 18 ਲੋਕਾਂ ਦੀ ਮੌਤ ਹੋ ਗਈ। ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ 150 ਮਿਲੀਮੀਟਰ ਤੋਂ 200 ਮਿਲੀਮੀਟਰ ਤੋਂ ਵੱਧ ਮੋਹਲੇਧਾਰ ਮੀਂਹ ਨਾਲ ਕਈ ਇਲਾਕੇ ਪਾਣੀ-ਪਾਣੀ ਹੋ ਗਏ। ਇਸ ਕਾਰਨ ਸੜਕ ਅਤੇ ਰੇਲ ਆਵਾਜਾਈ ਤੇ ਅਸਰ ਪਿਆ।

ਉਧਰ ਬੀਐਮਸੀ ਆਫ਼ਤ ਸੈੱਲ ਅਤੇ ਐਨਡੀਆਰਐਫ ਮੁਤਾਬਕ ਚੈਂਬੂਰ ਇਲਾਕੇ ਦੇ ਵਾਸ਼ੀਨਾਕਾ ਵਿੱਚ ਤੜਕੇ ਕਰੀਬ 1 ਵਜੇ ਇਕ ਦਰੱਖ਼ਤ ਡਿੱਗਣ ਨਾਲ ਉਸ ਨਾਲ ਲੱਗਦੀ ਕੰਧ ਢਹਿ ਗਈ ਜਿਸ ਨਾਲ 15 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਭਾਂਡੁਪ ਵਿੱਚ ਕੰਧ ਡਿੱਗਣ ਕਾਰਨ 16 ਸਾਲਾ ਲੜਕੇ ਦੀ ਮੌਤ ਹੋਣ ਦੀ ਖ਼ਬਰ ਮਿਲੀ ਹੈ। ਬਹੁਤ ਸਾਰੇ ਲੋਕ ਅਜੇ ਵੀ ਇੱਥੇ ਫਸੇ ਹੋਣ ਦਾ ਖ਼ਦਸ਼ਾ ਹੈ।
ਐਨਡੀਆਰਐਫ ਦੀ ਟੀਮ ਦਾ ਬਚਾਅ ਕਾਰਜ ਜਾਰੀ ਹੈ। ਠਾਣੇ, ਪਾਲਘਰ ਤੇ ਰਾਏਗੜ੍ਹ ਵਿੱਚ ਵੀ ਅੱਜ ਭਾਰੀ ਵਰਖਾ ਪੈ ਰਹੀ ਹੈ। ਮੁੰਬਈ ਦੇ ਕਈ ਇਲਾਕਿਆਂ ਵਿੱਚ ਘਰਾਂ ਵਿੱਚ ਪਾਣੀ ਦਾਖ਼ਲ ਹੋ ਗਿਆ ਹੈ। ਦਾਦਰ ਇਲਾਕੇ ਵਿੱਚ ਇੰਨਾ ਜ਼ਿਆਦਾ ਪਾਣੀ ਭਰ ਗਿਆ ਸੀ ਕਿ ‘ਬੈਸਟ’ (ਮੁੰਬਈ ਦੀ ਸਰਕਾਰੀ ਬੱਸ ਸੇਵਾ ਦਾ ਨਾਂਅ) ਦੀਆਂ ਬੱਸਾਂ ਅੱਧ ਤੋਂ ਵੱਧ ਡੁੱਬੀਆਂ ਦਿਸ ਰਹੀਆਂ ਹਨ।
ਕਾਂਦੀਵਲੀ ਦੀਆਂ ਕਈ ਦੁਕਾਨਾਂ ਪਾਣੀ ਵਿੱਚ ਡੁੱਬ ਗਈਆਂ ਹਨ, ਜਿਸ ਕਾਰਨ ਲੱਖਾਂ ਦਾ ਮਾਲ ਖਰਾਬ ਹੋ ਗਿਆ। ਦਿੱਲੀ ਵਿੱਚ ਸਨਿੱਚਰਵਾਰ ਸਵੇਰੇ ਸਾਫ ਰਿਹਾ ਸੀ ਪਰ ਅੱਜ ਐਤਵਾਰ ਨੂੰ ਸ਼ਹਿਰ ਵਿਚ ਕੁਝ ਥਾਵਾਂ ’ਤੇ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ। ਮੌਸਮ ਵਿਗਿਆਨੀਆਂ ਨੇ ਸ਼ਾਮ ਨੂੰ ਅੰਸ਼ਕ ਬੱਦਲਵਾਈ ਤੇ ਹਲਕੀ ਬਾਰਸ਼ ਜਾਂ ਗਰਜ ਦੀ ਸੰਭਾਵਨਾ ਦੱਸੀ ਹੈ।
