ਭਾਰਤ ਭੂਸ਼ਣ ਆਸ਼ੂ ਨਾਲ ਸਬੰਧਿਤ ਟੈਂਡਰ ਘੁਟਾਲੇ ਦੀਆਂ ਦੋ ਫਾਈਲਾਂ ਗਾਇਬ!

 ਭਾਰਤ ਭੂਸ਼ਣ ਆਸ਼ੂ ਨਾਲ ਸਬੰਧਿਤ ਟੈਂਡਰ ਘੁਟਾਲੇ ਦੀਆਂ ਦੋ ਫਾਈਲਾਂ ਗਾਇਬ!

ਕਾਂਗਰਸ ਦੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨਾਲ ਸਬੰਧਤ ਟੈਂਡਰ ਘੁਟਾਲੇ ਦੀਆਂ ਦੋ ਫਾਈਲਾਂ ਗਾਇਬ ਹੋ ਗਈਆਂ ਹਨ। ਇੱਕ ਫਾਈਲ ਦਾਗੀ ਅਧਿਕਾਰੀ ਰਾਕੇਸ਼ ਸਿੰਗਲਾ ਨੂੰ ਕੇਂਦਰੀ ਵਿਜੀਲੈਂਸ ਕਮੇਟੀ ਦੇ ਚੇਅਰਮੈਨ ਬਣਾਉਣ ਦੀ ਹੈ। ਉੱਥੇ ਹੀ ਦੂਜੀ ਫਾਈਲ ਰਾਕੇਸ਼ ਸਿੰਗਲਾ ਨੂੰ ਟੈਂਡਰ ਅਲਾਟਮੈਂਟ ਕਮੇਟੀ ਦਾ ਚੇਅਰਮੈਨ ਬਣਾਉਣ ਦੀ ਹੈ।

ਦਰਅਸਲ ਵਿੱਚ ਰਾਕੇਸ਼ ਸਿੰਗਲਾ ਕਰੋੜਾਂ ਰੁਪਏ ਦੇ ਟੈਂਡਰ ਘੁਟਾਲੇ ਦਾ ਵੀ ਮੁਲਜ਼ਮ ਹੈ। ਹਾਲਾਂਕਿ ਘੁਟਾਲੇ ਦੀ ਜਾਂਚ ਦਾ ਪਤਾ ਲਗਦਿਆਂ ਹੀ ਉਹ ਵਿਦੇਸ਼ ਭੱਜ ਗਿਆ। ਕੁਝ ਦਿਨ ਪਹਿਲਾਂ ਆਮ ਆਦਮੀ ਪਾਰਟੀ ਸਰਕਾਰ ਨੇ ਰਾਕੇਸ਼ ਸਿੰਗਲਾ ਨੂੰ ਡਿਪਟੀ ਡਾਇਰੈਕਟਰ ਦੇ ਅਹੁਦੇ ਤੋਂ ਬਰਖ਼ਾਸਤ ਕਰ ਦਿੱਤਾ ਸੀ। ਰਾਕੇਸ਼ ਸਿੰਗਲਾ ਨੇ ਨੌਕਰੀ ਦੌਰਾਨ ਕੈਨੇਡਾ ਦੀ ਨਾਗਰਿਕਤਾ ਲੈ ਲਈ ਸੀ।

ਟੈਂਡਰ ਘੁਟਾਲੇ ਦੀ ਜਾਂਚ ਕਰ ਰਹੀ ਵਿਜੀਲੈਂਸ ਟੀਮ ਨੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਤੋਂ ਇਹ ਦੋਵੇਂ ਫਾਈਲਾਂ ਮੰਗੀਆਂ ਸਨ। ਇਸ ਤੋਂ ਬਾਅਦ ਕਰੀਬ ਇੱਕ ਹਫ਼ਤੇ ਤੱਕ ਫਾਈਲਾਂ ਦੀ ਤਲਾਸ਼ੀ ਲਈ ਗਈ। ਖੁਰਾਕ ਸਪਲਾਈ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਹ ਫਾਈਲਾਂ ਨਾ ਮਿਲਣ ਤੇ ਸਾਰੇ ਕਰਮਚਾਰੀਆਂ ਤੋਂ ਸਰਟੀਫਿਕੇਟ ਲਏ ਜਾ ਰਹੇ ਹਨ ਕਿ ਇਹ ਫ਼ਾਈਲਾਂ ਲੱਭੀਆਂ ਨਹੀਂ ਜਾ ਸਕਦੀਆਂ।

ਇਸ ਤੋਂ ਬਾਅਦ ਚੰਡੀਗੜ੍ਹ ਪੁਲਿਸ ਨੂੰ ਕੇਸ ਦਰਜ ਕਰਨ ਦੀ ਸਿਫਾਰਿਸ਼ ਕੀਤੀ ਜਾਵੇਗੀ। ਦੱਸ ਦਈਏ ਕਿ ਵਿਜੀਲੈਂਸ ਨੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ 22 ਅਗਸਤ ਦੀ ਰਾਤ ਨੂੰ ਇੱਕ ਸੈਲੂਨ ਤੋਂ ਗ੍ਰਿਫ਼ਤਾਰ ਕੀਤਾ ਸੀ। ਉਦੋਂ ਤੋਂ ਹੀ ਉਹ ਰਿਮਾਂਡ ਤੇ ਚੱਲ ਰਹੇ ਹਨ। ਕੱਲ੍ਹ ਫਿਰ ਆਸ਼ੂ ਦਾ ਰਿਮਾਂਡ ਦੋ ਦਿਨ ਲਈ ਵਧਾ ਦਿੱਤਾ ਗਿਆ।

ਗੁਰਪ੍ਰੀਤ ਸਿੰਘ ਨੇ ਵਿਜੀਲੈਂਸ ਨੂੰ ਆਸ਼ੂ ਖਿਲਾਫ਼ ਸ਼ਿਕਾਇਤ ਕੀਤੀ ਸੀ ਕਿ ਆਸ਼ੂ ਨੇ ਆਪਣੇ ਕੁਝ ਦੋਸਤਾਂ ਨੂੰ ਫਾਇਦਾ ਪਹੁੰਚਾਉਣ ਲਈ ਟੈਂਡਰ ਵੰਡਣ ਵਿੱਚ ਧਾਂਦਲੀ ਕੀਤੀ ਸੀ। ਠੇਕੇਦਾਰ ਤੇਲੂਰਾਮ ਪੁਲਿਸ ਹਿਰਾਸਤ ਵਿੱਚ ਹੈ, ਜਿਸ ਤੋਂ ਪੁੱਛਗਿੱਛ ਵਿੱਚ ਭਾਰਤ ਭੂਸ਼ਣ ਆਸ਼ੂ ਦਾ ਨਾਮ ਸਾਹਮਣੇ ਆਇਆ ਹੈ। ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਤੇਲੂ ਰਾਮ ਨੇ ਉਕਤ ਕੰਮ ਲਈ ਕਰੀਬ 25 ਕਰੋੜ ਰੁਪਏ ਦੀ ਰਕਮ ਲਈ ਸੀ।

Leave a Reply

Your email address will not be published.