ਭਾਰਤ ਦੀ ਹਾਰ ਤੋਂ ਬਾਅਦ ਕਸ਼ਮੀਰੀ ਵਿਦਿਆਰਥੀਆਂ ’ਤੇ ਹਮਲਾ

T20 ਵਰਲਡ ਕੱਪ ਵਿੱਚ ਪਹਿਲਾ ਮੈਚ ਭਾਰਤ, ਪਾਕਿਸਾਨ ਤੋਂ ਹਾਰ ਗਿਆ ਹੈ। ਹਾਰ ਨੂੰ ਲੈ ਕੇ ਨੌਜਵਾਨਾਂ ਵਿੱਚ ਗੁੱਸਾ ਇਸ ਕਦਰ ਵਧ ਗਿਆ ਕਿ ਉਹਨਾਂ ਨੇ ਕਸ਼ਮੀਰੀ ਵਿਦਿਆਰਥੀਆਂ ਤੇ ਹਮਲਾ ਕਰ ਦਿੱਤਾ। ਘਟਨਾ ਸੰਗਰੂਰ ਜ਼ਿਲ੍ਹੇ ਦੀ ਹੈ, ਜਿੱਥੇ ਭਾਈ ਗੁਰਦਾਸ ਇੰਸਟੀਚਿਊਟ ਆਫ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ ਹੋਸਟਲ ਵਿੱਚ ਕਸ਼ਮੀਰੀ ਵਿਦਿਆਰਥੀਆਂ ਨੇ ਇਲਜ਼ਾਮ ਲਾਇਆ ਕਿ ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਕੁਝ ਨੌਜਵਾਨਾਂ ਨੇ ਉਹਨਾਂ ਤੇ ਹਮਲਾ ਕੀਤਾ ਹੈ।

ਵਿਦਿਆਰਥੀਆਂ ਦਾ ਇਲਜ਼ਾਮ ਹੈ ਕਿ 5 ਤੋਂ 6 ਨੌਜਵਾਨਾਂ ਨੇ ਉਨ੍ਹਾਂ ਨਾਲ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਹੈ ਅਤੇ ਉਨ੍ਹਾਂ ਦਾ ਸਮਾਨ ਆਦਿ ਵੀ ਤੋੜ ਦਿੱਤਾ ਗਿਆ ਹੈ। ਇੱਕ ਵਿਦਿਆਰਥੀ ਨੂੰ ਵੀ ਮਾਮੂਲੀ ਸੱਟਾਂ ਲੱਗੀਆਂ ਹਨ। ਵਿਦਿਆਰਥੀਆਂ ਨੇ ਇਸ ਮਾਮਲੇ ਵਿੱਚ ਮਦਦ ਦੀ ਗੁਹਾਰ ਲਾਈ ਹੈ। ਪੀੜਤ ਵਿਦਿਆਰਥੀਆਂ ਨੇ ਹਮਲੇ ਦੀ ਵੀਡੀਓ ਵੀ ਬਣਾਈ ਸੀ, ਜਿਸ ਨੂੰ ਟਵੀਟ ਕੀਤਾ ਗਿਆ ਹੈ।
ਇਸ ਤੋਂ ਬਾਅਦ ਜਿਹੜੇ ਲੋਕ ਪੱਖ ਵਿੱਚ ਹਨ ਉਹਨਾਂ ਨੇ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਤੋਂ ਜਾਂਚ ਦੀ ਮੰਗ ਕਰ ਰਹੇ ਹਨ। ਕਈ ਲੋਕਾਂ ਨੇ ਕਿਹਾ ਕਿ ਕਾਲਜ ਪ੍ਰਬੰਧਨ ਅਤੇ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਕਰਨੀ ਚਾਹੀਦੀ ਹੈ ਅਤੇ ਜਲਦ ਤੋਂ ਜਲਦ ਹਮਲਾ ਕਰਨ ਵਾਲੇ ਮੁਲਜ਼ਮਾਂ ਨੂੰ ਸਾਹਮਣੇ ਲਿਆਉਣਾ ਚਾਹੀਦਾ ਹੈ।
ਥਾਣਾ ਸਦਰ ਸੰਗਰੂਰ ਦੇ ਇੰਚਾਰਜ ਇੰਸਪੈਕਟਰ ਹਰਕੀਰਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਕੋਲ ਅਜੇ ਕੋਈ ਸ਼ਿਕਾਇਤ ਦਰਜ ਨਹੀਂ ਕੀਤੀ ਗਈ। ਉਹਨਾਂ ਕੋਲ ਜਿਵੇਂ ਹੀ ਮਾਮਲਾ ਪਹੁੰਚੇਗਾ ਉਹ ਇਸ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
