ਭਾਰਤ ‘ਚ ਮੁੜ ਲੱਗੇਗਾ ਲਾਕਡਾਊਨ? ਪੀਐੱਮ ਮੋਦੀ ਵੱਧ ਰਹੇ ਕੋਰੋਨਾ ਮਾਮਲਿਆਂ ‘ਤੇ ਕਰਨਗੇ ਚਰਚਾ

ਕੋਰੋਨਾ ਵਾਇਰਸ ਦੇ ਵਧਦੇ ਖਤਰੇ ਅਤੇ ਕੋਰੋਨਾ ਵੈਕਸੀਨ ’ਤੇ ਚਰਚਾ ਕਰਨ ਲਈ ਪੀਐਮ ਨਰਿੰਦਰ ਮੋਦੀ 17 ਮਾਰਚ ਨੂੰ ਮੀਟਿੰਗ ਕਰਨਗੇ। ਇਹ ਮੀਟਿੰਗ ਵੀਡੀਓ ਕਾਨਫਰੰਸਿੰਗ ਜ਼ਰੀਏ ਹੋਵੇਗੀ। ਇਸ ਬੈਠਕ ਵਿੱਚ ਪੀਐਮ ਮੋਦੀ ਵੱਖ ਵੱਖ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਕੋਰੋਨਾ ਵਾਇਰਸ ਮਹਾਂਮਾਰੀ ਅਤੇ ਵੈਕਸੀਨ ’ਤੇ ਗੱਲ ਕਰਨਗੇ। ਮਿਲੀ ਜਾਣਕਾਰੀ ਮੁਤਾਬਕ ਇਹ ਬੈਠਕ 17 ਮਾਰਚ 11 ਵਜੇ ਹੋਵੇਗੀ।

ਭਾਰਤ ਵਿੱਚ ਇਕ ਦਿਨ ਵਿੱਚ ਕੋਰੋਨਾ ਵਾਇਰਸ ਦੇ 26291 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਸੋਮਵਾਰ ਨੂੰ ਦੇਸ਼ ਵਿੱਚ ਪੀੜਤਾਂ ਦੀ ਗਿਣਤੀ ਵਧ ਕੇ 1,13,85,339 ਹੋ ਗਈ ਹੈ। ਅੰਕੜਿਆਂ ਮੁਤਾਬਕ ਦੇਸ਼ ਵਿੱਚ 85 ਦਿਨਾਂ ਬਾਅਦ ਇਕ ਦਿਨ ਵਿੱਚ ਬਹੁਤ ਜ਼ਿਆਦਾ ਮਾਮਲੇ ਆਏ ਹਨ।
ਭਾਰਤੀ ਮੈਡੀਕਲ ਖੋਜ ਕੌਂਸਲ (ICMR) ਨੇ ਟਵੀਟ ਕਰ ਕੇ ਦੱਸਿਆ ਕਿ ਦੇਸ਼ ਵਿੱਚ ਕੱਲ੍ਹ ਤੱਕ ਕੋਰੋਨਾ ਵਾਇਰਸ ਲਈ ਕੁੱਲ 22 ਕਰੋੜ 74 ਲੱਖ 7 ਹਜ਼ਾਰ 413 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ; ਜਿਨ੍ਹਾਂ ਵਿੱਚੋਂ 78 ਲੱਖ 3 ਹਜ਼ਾਰ 772 ਸੈਂਪਲ ਕੱਲ੍ਹ ਟੈਸਟ ਕੀਤੇ ਗਏ। ਕੇਂਦਰੀ ਸਿਹਤ ਵਿਭਾਗ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਮੁਤਾਬਕ ਵਾਇਰਸ ਨਾਲ 118 ਹੋਰ ਮਰੀਜ਼ਾਂ ਦੀ ਮੌਤ ਹੋਣ ਤੋਂ ਬਾਅਦ ਦੇਸ਼ ਵਿੱਚ ਮ੍ਰਿਤਕਾਂ ਦੀ ਗਿਣਤੀ ਵਧ ਕੇ 158725 ਹੋ ਗਈ ਹੈ।
ਦੇਸ਼ ਵਿੱਚ ਪਿਛਲੇ 5 ਦਿਨਾਂ ਤੋਂ ਇਲਾਜ ਵਿੱਚ ਚਲ ਰਹੇ ਮਰੀਜ਼ਾਂ ਦੀ ਗਿਣਤੀ ਵੀ ਵਧੀ ਹੈ। ਇਸ ਵੇਲੇ, 2,19,262 ਲੋਕ ਕੋਰੋਨਾ ਵਾਇਰਸ ਦੀ ਲਾਗ ਦਾ ਇਲਾਜ ਕਰ ਰਹੇ ਹਨ, ਜੋ ਕੁੱਲ ਮਾਮਲਿਆਂ ਦਾ 1.93 ਪ੍ਰਤੀਸ਼ਤ ਹੈ।
ਅੰਕੜਿਆਂ ਦੇ ਅਨੁਸਾਰ ਦੇਸ਼ ਵਿੱਚ ਹੁਣ ਤੱਕ 1,10,07,352 ਲੋਕ ਠੀਕ ਹੋ ਚੁੱਕੇ ਹਨ। ਹਾਲਾਂਕਿ ਮਰੀਜ਼ਾਂ ਦੀ ਰਿਕਵਰੀ ਦੀ ਰਾਸ਼ਟਰੀ ਦਰ ਘੱਟ ਗਈ ਹੈ ਅਤੇ ਇਹ ਹੁਣ 96.68 ਪ੍ਰਤੀਸ਼ਤ ਹੈ। ਦੂਜੇ ਪਾਸੇ ਕੋਵਿਡ -19 ਤੋਂ ਮੌਤ ਦਰ 1.39 ਪ੍ਰਤੀਸ਼ਤ ਹੈ।
