ਭਾਰਤੀ ਵਿਦਿਆਰਥੀਆਂ ਸਾਹਮਣੇ ਵੱਡੀ ਮੁਸੀਬਤ, 35 ਹਜ਼ਾਰ ਦੀ ਟਿਕਟ 90 ਹਜ਼ਾਰ ’ਚ ਖਰੀਦਣ ਲਈ ਮਜ਼ਬੂਰ

ਯੂਕਰੇਨ ਵਿੱਚ ਰੂਸੀ ਅਟੈਕ ਲਗਾਤਾਰ ਵਧ ਰਹੇ ਹਨ। ਭਾਰਤ ਦੇ ਬਹੁਤ ਸਾਰੇ ਵਿਦਿਆਰਥੀ ਅਜੇ ਵੀ ਯੂਕਰੇਨ ਵਿੱਚ ਫਸੇ ਹੋਏ ਹਨ। ਇਸੇ ਲੜੀ ਵਿੱਚ ਕ੍ਰੀਮੀਆ ਦੀ ਸਟੇਟ ਮੈਡੀਕਲ ਯੂਨੀਵਰਸਿਟੀ ਤੋਂ 12 ਪੰਜਾਬੀ ਵਿਦਿਆਰਥੀ ਵੀਰਵਾਰ ਰਾਤ 8 ਵਜੇ ਵਾਲੀ ਟਰੇਨ ਜ਼ਰੀਏ ਮਾਸਕੋ ਲਈ ਰਵਾਨਾ ਹੋ ਗਏ, ਜਿਹਨਾਂ ਦੀਆਂ ਦੁਬਈ ਤੋਂ ਸ਼ਨੀਵਾਰ ਦੀਆਂ ਹਵਾਈ ਟਿਕਟਾਂ ਕਨਫਰਮ ਹੋ ਚੁੱਕੀਆਂ ਹਨ।

ਕ੍ਰੀਮੀਆ ਤੋਂ ਵਿਦਿਆਰਥੀਆਂ ਨੂੰ ਟਰੇਨ ਵਿੱਚ ਬਿਠਾ ਕੇ ਰਵਾਨਾ ਕਰਨ ਵਾਲੇ ਐਚ. ਸਿੰਘ ਨੇ ਦੱਸਿਆ ਕਿ ਕ੍ਰੀਮੀਆ ਵਿੱਚ ਰਹਿਣ ਵਾਲੇ ਵਿਦਿਆਰਥੀਆਂ ਨੂੰ ਮੰਗਲਵਾਰ ਦੀ ਹਵਾਈ ਟਿਕਟ 55 ਹਜ਼ਾਰ ਰੁਪਏ ਮਿਲ ਰਹੀ ਸੀ ਪਰ ਉਹ ਜਲਦ ਘਰਾਂ ਨੂੰ ਰਵਾਨਾ ਹੋਣਾ ਚਾਹੁੰਦੇ ਸਨ, ਇਸ ਲਈ ਉਹਨਾਂ ਬਹੁਤ ਮਹਿੰਗੇ ਭਾਅ ਟਿਕਟਾਂ ਖਰੀਦੀਆਂ ਹਨ।
ਯੂਨੀਵਰਸਿਟੀ ਤੋਂ ਕੈਬ ਜ਼ਰੀਏ ਉਕਤ ਵਿਦਿਆਰਥੀਆਂ ਨੂੰ ਕ੍ਰੀਮੀਆ ਦੇ ਰੇਲਵੇ ਸਟੇਸ਼ਨ ਤੇ ਲਿਆਂਦਾ ਗਿਆ। ਇਸ ਟਰੇਨ ਵਿੱਚ ਥਰਡ ਕਲਾਸ ਦੀ ਟਿਕਟ 3400 ਰੁਪਏ, ਜਦਕਿ ਫਸਟ ਕਲਾਸ ਦੀ ਟਿਕਟ 9 ਹਜ਼ਾਰ ਰੁਪਏ ਵਿੱਚ ਮਿਲ ਰਹੀ ਹੈ। ਉਹਨਾਂ ਦੱਸਿਆ ਕਿ ਇਹਨਾਂ ਪੰਜਾਬੀ ਮੂਲ ਦੇ ਵਿਦਿਆਰਥੀਆਂ ਵਿਚੋਂ 2 ਚੰਡੀਗੜ੍ਹ ਨੇੜਲੇ ਇਲਾਕੇ ਤੋਂ ਹਨ, ਜਦਕਿ ਬਾਕੀ ਸਾਰੇ ਵਿਦਿਆਰਥੀ ਪੰਜਾਬੀ ਦੇ ਵੱਖ-ਵੱਖ ਸ਼ਹਿਰਾਂ ਨਾਲ ਸਬੰਧਤ ਹਨ। ਇਹਨਾਂ ਵਿਚ 3 ਕੁੜੀਆਂ ਵੀ ਸ਼ਾਮਲ ਸਨ।
ਇਸ ਤੋਂ ਬਾਅਦ ਮਾਸਕੋ ਏਅਰਪੋਰਟ ’ਤੇ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਦੁਬਈ ਲਈ ਫਲਾਈਟ ਮਿਲੇਗੀ, ਜਿਸ ਜ਼ਰੀਏ ਉਹ ਅੱਗੇ ਭਾਰਤ ਵਿਚ ਦਿੱਲੀ ਦੇ ਇੰਟਰਨੈਸ਼ਨਲ ਏਅਰਪੋਰਟ ’ਤੇ ਪਹੁੰਚਣਗੇ। ਇਸ ਹਵਾਈ ਟਿਕਟ ਲਈ ਵਿਦਿਆਰਥੀਆਂ ਨੇ 90 ਹਜ਼ਾਰ ਰੁਪਏ ਅਦਾ ਕੀਤੇ ਹਨ, ਜਦਕਿ ਕਈ ਵਿਦਿਆਰਥੀਆਂ ਨੇ ਕੁਝ ਦਿਨ ਪਹਿਲਾਂ ਟਿਕਟਾਂ ਬੁੱਕ ਕਰਵਾਈਆਂ ਸਨ ਅਤੇ ਉਨ੍ਹਾਂ ਦਾ ਖ਼ਰਚਾ 40 ਹਜ਼ਾਰ ਰੁਪਏ ਦੇ ਲਗਭਗ ਰਿਹਾ ਸੀ।
