ਭਾਜਪਾ ਵੱਲੋਂ ਪਾਰਟੀ ’ਚੋਂ ਬਾਹਰ ਕੀਤੇ ਜਾਣ ਤੋਂ ਬਾਅਦ ਅਨਿਲ ਜੋਸ਼ੀ ਨੇ ਅਪਣੇ ਆਪ ’ਤੇ ਕੀਤਾ ਫ਼ਕਰ

ਭਾਰਤੀ ਜਨਤਾ ਪਾਰਟੀ ਪੰਜਾਬ ਵਲੋਂ ਲਗਾਤਾਰ ਕਿਸਾਨਾਂ ਦੇ ਹੱਕ ‘ਚ ਬੋਲਦੇ ਆ ਰਹੇ ਸਾਬਕਾ ਮੰਤਰੀ ਅਨਿਲ ਜੋਸ਼ੀ ਨੂੰ 6 ਸਾਲ ਲਈ ਪਾਰਟੀ ਤੋਂ ਬਾਹਰ ਕੱਢਣ ਦਿੱਤਾ ਹੈ। ਇਸ ਫ਼ੈਸਲੇ ’ਤੇ ਅਨਿਲ ਜੋਸ਼ੀ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਿਹਾ ਕਿ, ‘ਜਿਨ੍ਹਾਂ ਲੋਕਾਂ ਨੇ ਪੰਜਾਬ ਵਿਚ ਭਾਜਪਾ ਦੀ ਬੇੜੀ ਡੁਬਾਉਣ ਦਾ ਕੰਮ ਕੀਤਾ, ਉਨ੍ਹਾਂ ਨੇ ਹੀ ਪੰਜਾਬ ਦੀ ਆਵਾਜ਼ ਚੁੱਕਣ ਕਾਰਨ ਪਾਰਟੀ ਤੋਂ ਬਾਹਰ ਕੱਢਣ ਦਾ ਫ਼ੈਸਲਾ ਲਿਆ ਹੈ।

ਅਨਿਲ ਜੋਸ਼ੀ ਨੇ ਕਿਹਾ ਹੈ ਕਿ ਇਸ ਗੱਲ ਦਾ ਮਾਣ ਹੈ ਕਿ ਪੰਜਾਬ ਅਤੇ ਇਸ ਵਿਚ ਰਹਿਣ ਵਾਲੇ ਕਿਸਾਨਾਂ, ਵਪਾਰੀਆਂ ਅਤੇ ਆੜ੍ਹਤੀਆਂ ਦੀ ਆਵਾਜ ਉਠਾਉਣ ਲਈ ਉਹਨਾਂ ਨੂੰ ਪਾਰਟੀ ’ਚੋਂ ਕੱਢਿਆ ਗਿਆ ਹੈ। ਇਸ ਦੇ ਨਾਲ ਹੀ ਉਹਨਾਂ ਕਿਹਾ ਕਿ ਜਿਸ ਤਰੀਕੇ ਨਾਲ ਪੰਜਾਬ ਭਾਜਪਾ ਦੀ ਲੀਡਰਸ਼ਿਪ ਨੇ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਦੀ ਆਵਾਜ਼ ਚੁੱਕਣ ਕਾਰਨ ਪਾਰਟੀ ਤੋਂ ਬਾਹਰ ਕੱਢਿਆ ਹੈ, ਉਨ੍ਹਾਂ ਲਈ ਇਹ ਇਕ ਮੈਡਲ ਵਾਂਗ ਹੈ। ਦੱਸ ਦਈਏ ਕਿ ਸਾਬਕਾ ਮੰਤਰੀ ਪੰਜਾਬ ਅਨਿਲ ਜੋਸ਼ੀ ਨੂੰ ਭਾਜਪਾ ਨੇ 6 ਸਾਲ ਲਈ ਪਾਰਟੀ ਤੋਂ ਕੱਢ ਦਿੱਤਾ ਹੈ।
ਇਸ ਸਬੰਧ ਵਿਚ ਜਾਣਕਾਰੀ ਦਿੰਦਿਆਂ ਡਾ. ਸੁਭਾਸ਼ ਸ਼ਰਮਾ ਨੇ ਕਿਹਾ ਕਿ ਸਾਬਕਾ ਮੰਤਰੀ ਅਨਿਲ ਜੋਸ਼ੀ ਕੇਂਦਰ ਸਰਕਾਰ, ਪਾਰਟੀ ਦੀ ਕੇਂਦਰੀ ਲੀਡਰਸ਼ਿਪ ਅਤੇ ਪਾਰਟੀ ਦੀਆਂ ਨੀਤੀਆਂ ਖ਼ਿਲਾਫ਼ ਬਿਆਨਬਾਜ਼ੀ ਕਰ ਰਹੇ ਸਨ, ਜੋ ਪਾਰਟੀ ਵਿਰੋਧੀ ਗਤੀਵਿਧੀਆਂ ਹਨ। ਇਸ ਲਈ ਭਾਜਪਾ ਵਲੋਂ ਅਨਿਲ ਜੋਸ਼ੀ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਲਈ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ, ਜਿਸ ’ਤੇ ਜੋਸ਼ੀ ਨੂੰ ਦੋ ਦਿਨਾਂ ਦੇ ਅੰਦਰ ਜਵਾਬ ਦੇਣ ਦਾ ਸਮਾਂ ਦਿੱਤਾ ਗਿਆ। ਅਨਿਲ ਜੋਸ਼ੀ ਦਾ ਕਿਸਾਨਾਂ ਦੇ ਹੱਕ ‘ਚ ਜਵਾਬ ਸੁਣ ਕੇ ਭਾਜਪਾ ਵੱਲੋਂ ਅਨਿਲ ਜੋਸ਼ੀ ਨੂੰ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ 6 ਸਾਲ ਲਈ ਕੱਢ ਦਿੱਤਾ ਗਿਆ ਹੈ।
