ਅੰਮ੍ਰਿਤਸਰ ’ਚ ਪੁਲਿਸ ਦੀ ਸ਼ਰੇਆਮ ਗੁੰਡਾਗਰਦੀ, ਦੁਕਾਨਦਾਰ ਦੇ ਮਾਰੇ ਥੱਪੜ

ਕੋਰੋਨਾ ਵਾਇਰਸ ਦੇ ਨਾਲ ਨਾਲ ਪੁਲਿਸ ਦੀ ਬਦਸਲੂਕੀ ਆਮ ਵੇਖੀ ਜਾ ਸਕਦੀ ਹੈ। ਕੋਰੋਨਾ ਦੇ ਨਾਂ ਤੇ ਲੋਕਾਂ ਨਾਲ ਬੁਰਾ ਵਿਵਹਾਰ ਕੀਤਾ ਜਾਂਦਾ ਹੈ। ਅਜਿਹਾ ਹੀ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ। ਇੱਥੇ ਦੇ ਗੁਰੂ ਬਜ਼ਾਰ ਦੇ ਨਾਲ ਲਗਦੇ ਪ੍ਰਤਾਪ ਬਜ਼ਾਰ ਵਿੱਚ ਇੱਕ ਵਪਾਰੀ ਰਾਘਵ ਨੂੰ ਪੁਲਿਸ ਅਧਿਕਾਰੀਆਂ ਵੱਲੋਂ ਸ਼ਰੇਆਮ ਬਜ਼ਾਰ ਵਿੱਚ ਖੜਾ ਕਰਕੇ ਥੱਪੜ ਮਾਰੇ ਗਏ।

ਇਸ ਘਟਨਾ ਤੋਂ ਬਾਅਦ ਦੁਕਾਨਦਾਰ ਭਾਈਚਾਰਾ ਪੂਰੇ ਰੋਹ ਵਿੱਚ ਹੈ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਅਸੀਂ ਦੇਸ਼ ਦੀ ਤਰੱਕੀ ਵਿੱਚ ਟੈਕਸ ਦੇਣ ਵਾਲੇ ਵਪਾਰੀ ਹਾਂ ਨਾ ਕਿ ਕੋਈ ਪੇਸ਼ੇਵਾਰ ਮੁਜ਼ਰਮ ਜਿਹਨਾਂ ਨੂੰ ਪੁਲਿਸ ਇਸ ਤਰ੍ਹਾਂ ਬਜ਼ਾਰਾਂ ਵਿੱਚ ਸ਼ਰੇਆਮ ਕੁੱਟਮਾਰ ਕਰ ਰਹੀ ਹੈ।
ਉੱਥੇ ਹੀ ਕਪੜਾ ਮਾਰਕਿਟ ਵਪਾਰੀ ਪ੍ਰਧਾਨ ਵਰੁਣ ਭਾਟੀਆ ਨੇ ਦਸਿਆ ਕਿ ਸਰਕਾਰ ਦੀ ਹਿਦਾਇਤ ਮੁਤਾਬਕ ਰੋਟੇਸ਼ਨ ਦੇ ਹਿਸਾਬ ਨਾਲ ਦੁਕਾਨਾਂ ਖੋਲ੍ਹੀਆਂ ਜਾ ਰਹੀਆਂ ਹਨ ਪਰ ਮਾਰਕਿਟ ਦੇ ਇੱਕ ਵਪਾਰੀ ਰਾਘਵ ਜੋ ਕਿ ਅਪਣੀ ਦੁਕਾਨ ਚੋਂ ਜੀਐਸਟੀ ਰਿਟਰਨ ਭਰਨ ਲਈ ਕਾਗਜ਼ ਲੈਣ ਪਹੁੰਚੇ ਸੀ।
ਉਨ੍ਹਾਂ ਲਈ ਜੀਐਸਟੀ ਭਰਨੀ ਜ਼ਰੂਰੀ ਸੀ ਇਸ ਲਈ ਉਨ੍ਹਾਂ ਵਲੋਂ ਦੁਕਾਨ ਵੀ ਨਹੀਂ ਖੋਲੀ ਗਈ ਸੀ। ਪਰ ਪੁਲਿਸ ਨੇ ਉਸ ਨਾਲ ਕੁੱਟਮਾਰ ਕੀਤੀ ਹੈ ਜੋ ਕਿ ਬਿਲਕੁੱਲ ਹੀ ਧੱਕਾ ਹੈ। ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਪਾਰਕ ਭਾਈਚਾਰੇ ਨਾਲ ਅਜਿਹੀਆਂ ਬਦਸਲੂਕੀਆਂ ਬੰਦ ਕੀਤੀਆਂ ਜਾਣ।
