ਭਾਜਪਾ ਲੀਡਰ ਦਾ ਕਿਸਾਨਾਂ ਵੱਲੋਂ ਵਿਰੋਧ, ਭਾਜਪਾ ਲੀਡਰ ਦੀ ਗੱਡੀ ‘ਤੇ ਚੜ੍ਹਿਆ ਨੌਜਵਾਨ

ਇੱਕ ਪਾਸੇ ਨਵਜੋਤ ਸਿੱਧੂ ਦੀ ਪ੍ਰਧਾਨਗੀ ਨੂੰ ਲੈ ਕੇ ਕਾਂਗਰਸ ਵਿੱਚ ਕਲੇਸ਼ ਛਿੜਿਆ ਹੋਇਆ ਹੈ। ਦੂਜੇ ਪਾਸੇ ਅੱਜ ਚੰਡੀਗੜ੍ਹ ਵਿੱਚ ਭਾਜਪਾ ਦਾ ਕਿਸਾਨਾਂ ਵੱਲੋਂ ਵੱਡਾ ਵਿਰੋਧ ਕੀਤਾ ਗਿਆ ਹੈ। ਕਿਸਾਨਾਂ ਨੇ ਭਾਜਪਾ ਦੇ ਨੈਸ਼ਨਲ ਕਾਂਉਸਲ ਦੇ ਮੈਂਬਰ ਸੰਜੇ ਟੰਡਨ ਦਾ ਜਬਰਦਸਤ ਵਿਰੋਧ ਕੀਤਾ ਹੈ। ਇਹ ਵਿਰੋਧ ਸੈਕਟਰ 48 ਦੀ ਮੋਟਰ ਮਾਰਕੀਟ ਵਿੱਚ ਹੋਇਆ ਹੈ ਜਿਥੇ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰਾਂ ਨੇ ਸੰਜੇ ਟੰਡਨ ਦੀ ਗੱਡੀ ਘੇਰ ਕੇ ਉਨ੍ਹਾਂ ਖਿਲਾਫ ਨਾ ਸਿਰਫ ਨਾਅਰੇਬਾਜ਼ੀ ਵੀ ਕੀਤੀ ਸਗੋਂ ਉਨ੍ਹਾਂ ਦੀ ਗੱਡੀ ਤੇ ਲੱਤਾਂ ਮੁੱਕੀਆਂ ਵੀ ਮਾਰੀਆਂ ਗਈਆਂ।

ਇਸ ਦੌਰਾਨ ਇੱਕ ਨੌਜਵਾਨ ਗੱਡੀ ਦੇ ਉੱਪਰ ਚੜ੍ਹ ਗਿਆ ਜਿਸ ਨੂੰ ਬਾਅਦ ਵਿੱਚ ਥੱਲੇ ਉਤਾਰਿਆ ਗਿਆ ਹੈ। ਕਿਸਾਨਾਂ ਵੱਲੋਂ ਭਾਜਪਾ ਆਗੂ ਦਾ ਵੱਡੇ ਪੱਧਰ ਤੇ ਵਿਰੋਧ ਕੀਤਾ ਜਾ ਰਿਹਾ ਹੈ। ਦੱਸ ਦਈਏ ਕਿ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਵਿੱਚ ਭਾਜਪਾ ਆਗੂਆਂ ਦਾ ਵਿਰੋਧ ਵੱਡੀ ਪੱਧਰ ਤੇ ਜਾਰੀ ਹੈ।
ਸੰਯੁਕਤ ਕਿਸਾਨ ਮੋਰਚਾ ਤੱਕ ਭਾਜਪਾ ਲੀਡਰਾਂ ਨੂੰ ਪਿੰਡਾਂ ਸ਼ਹਿਰਾਂ ਵਿੱਚ ਨਾ ਵੜ੍ਹਨ ਦੇਣ ਦਾ ਐਲਾਨ ਕਰ ਚੁੱਕਿਆ ਹੈ। ਦੂਜੇ ਪਾਸੇ ਪੰਜਾਬ ਹਰਿਆਣਾ ਤੋਂ ਨਿਕਲ ਕੇ ਇਹ ਵਿਰੋਧ ਹੁਣ ਚੰਡੀਗੜ੍ਹ ਜਾ ਪਹੁੰਚਿਆ। ਹਾਲਾਂਕਿ ਭਾਜਪਾ ਲੀਡਰ ਇਨ੍ਹਾਂ ਪ੍ਰਦਰਸ਼ਨਕਾਰੀਆਂ ਨੂੰ ਕਾਂਗਰਸੀ ਗੁੰਡੇ ਕਹਿ ਕੇ ਸੰਬੋਧਨ ਕਰਦੇ ਹਨ। ਪਰ ਇਸ ਦੇ ਬਾਵਜੂਦ ਵੀ ਭਾਜਪਾ ਲੀਡਰਾਂ ਦਾ ਹੁਣ ਘਰੋਂ ਨਿਕਲਣਾ ਤੱਕ ਮੁਸ਼ਕਿਲ ਹੋ ਰਿਹਾ ਹੈ।
