ਭਾਜਪਾ ਲਈ ਬੁਰੀ ਖ਼ਬਰ, ਪੰਜਾਬ ਕਿਸਾਨ ਮੋਰਚਾ ਸੈੱਲ ਦੇ ਸੂਬਾ ਪ੍ਰਧਾਨ ਨੇ ਦਿੱਤਾ ਅਸਤੀਫ਼ਾ

ਪੰਜਾਬ ਦੇ ਕਿਸਾਨਾਂ ਵੱਲੋਂ ਕੇਂਦਰ ਵੱਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ। ਇਸ ਕੜੀ ਤਹਿਤ ਭਾਜਪਾ ਦੇ ਕਈ ਲੀਡਰਾਂ ਨੇ ਅਪਣੇ ਅਹੁਦੇ ਤੋਂ ਅਸਤੀਫ਼ੇ ਤਕ ਵੀ ਦੇ ਦਿੱਤੇ ਹਨ। ਹਾਲ ਹੀ ਵਿੱਚ ਭਾਜਪਾ ਦੇ ਪੰਜਾਬ ਕਿਸਾਨ ਮੋਰਚਾ ਸੈੱਲ ਦੇ ਸੂਬਾ ਪ੍ਰਧਾਨ ਤਰਲੋਚਨ ਸਿੰਘ ਗਿੱਲ ਨੇ ਅਸਤੀਫ਼ਾ ਦੇ ਦਿੱਤਾ ਹੈ।

ਪਾਰਟੀ ਛੱਡਣ ਦਾ ਐਲਾਨ ਕਰਕੇ ਉਨ੍ਹਾਂ ਕਿਸਾਨ ਅੰਦੋਲਨ ਦਾ ਸਮਰਥਨ ਕੀਤਾ ਹੈ। ਦੱਸ ਦਈਏ ਕਿ ਉਨ੍ਹਾਂ ਦੇ ਘਰ ਦੇ ਬਾਹਰ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਅੱਜ 13ਵੇਂ ਦਿਨ ਧਰਨਾ ਦਿੱਤਾ ਜਾ ਰਿਹਾ ਸੀ। ਕਿਸਾਨਾਂ ਦਾ ਇਹ ਮਾਰਚ ਪੂਰੇ ਮੋਗਾ ਸ਼ਹਿਰ ਵਿੱਚ ਕੱਢਿਆ ਗਿਆ ਅਤੇ ਮਾਰਚ ਵਿੱਚ ਭਾਜਪਾ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਕਿਸਾਨਾਂ ਨੇ ਪੂਰੇ ਸ਼ਹਿਰ ਨੂੰ ਅਪੀਲ ਕੀਤੀ ਕਿ, ਇਸ ਵਾਰ ਦੁਸਹਿਰੇ ਦੇ ਤਿਉਹਾਰ ਮੌਕੇ ਪ੍ਰਧਾਨ ਮੰਤਰੀ ਮੋਦੀ, ਅਡਾਨੀ ਅਤੇ ਅੰਬਾਨੀ ਦੇ ਪੁਤਲੇ ਸਾੜੇ ਜਾਣ। ਗਿੱਲ ਨੇ ਕਿਸਾਨ ਯੂਨੀਅਨ ਆਗੂਆਂ ਨਾਲ ਗੱਲਬਾਤ ਕਰ ਕੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਉਹ ਲੰਮੇ ਸਮੇਂ ਤੋਂ ਪਾਰਟੀ ਲੀਡਰਸ਼ਿਪ ਨੂੰ ਖੇਤੀ ਕਾਨੂੰਨ ਵਾਪਸ ਲੈਣ ਲਈ ਕਹਿ ਰਹੇ ਸੀ। ਪਰ ਕਿਸੇ ਨੇ ਉਨ੍ਹਾਂ ਦੀ ਨਹੀਂ ਮੰਨੀ ਤੇ ਆਖਰ ਉਨ੍ਹਾਂ ਪਾਰਟੀ ਛੱਡਣ ਦਾ ਫ਼ੈਸਲਾ ਕਰ ਲਿਆ। ਉਹ ਪੰਜਾਬ ਭਾਜਪਾ ਕਾਰਜਕਾਰਨੀ ਦੇ ਮੈਂਬਰ ਹਨ ਤੇ ਦੋ ਵਾਰ ਭਾਜਪਾ ਮੋਗਾ ਜ਼ਿਲ੍ਹਾ ਪ੍ਰਧਾਨ ਰਹਿ ਚੁੱਕੇ ਹਨ। ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਜਨਰਲ ਸਕੱਤਰ ਸਰਦੂਲ ਸਿੰਘ ਕੰਗ ਨੇ ਵੀ ਪਾਰਟੀ ਛੱਡ ਦਾ ਐਲਾਨ ਕੀਤਾ ਹੈ।
