ਭਾਜਪਾ ਨੇ ਕਰਵਾਇਆ ਸੁਖਮਨੀ ਸਾਹਿਬ ਦਾ ਪਾਠ, ਫਿਰ ਸ਼ੁਰੂ ਹੋਵੇਗਾ ਮੀਟਿੰਗਾਂ ਦਾ ਦੌਰ

ਪੰਜਾਬ ਵਿੱਚ 2022 ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਭਾਰਤੀ ਜਨਤਾ ਪਾਰਟੀ ਨੇ ਵੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਲਈ ਤਿੰਨ ਕੇਂਦਰੀ ਮੰਤਰੀ ਚੰਡੀਗੜ੍ਹ ਪਹੁੰਚੇ ਹਨ। ਇਹਨਾਂ ਵਿੱਚ ਪੰਜਾਬ ਇੰਚਾਰਜ ਕੇਂਦਰੀ ਮੰਤਰੀ ਗਜੇਂਦਰ ਸ਼ੇਖਾਵਤ, ਸਹਿ ਇੰਚਾਰਜ ਹਰਦੀਪ ਪੁਰੀ ਤੇ ਮੀਨਾਕਸ਼ੀ ਲੇਖੀ ਸ਼ਾਮਲ ਹਨ। ਅੱਜ ਪੰਜਾਬ ਭਾਜਪਾ ਦਫ਼ਤਰ ਵਿੱਚ ਮੀਟਿੰਗਾਂ ਦੇ ਦੌਰ ਤੋਂ ਪਹਿਲਾਂ ਸ੍ਰੀ ਗੁਰੂ ਤੇਗ਼ ਬਹਾਦਰ ਜੀ ਦੇ 400ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੁਖਮਨੀ ਸਾਹਿਬ ਦੇ ਪਾਠ ਕਰਵਾਏ ਗਏ ਹਨ।

ਪਾਰਟੀ ਲੀਡਰ ਮੀਨਾਕਸ਼ੀ ਲੇਖੀ ਨੇ ਕਿਹਾ ਕਿ ਅੱਜ ਪੰਜਾਬ ਵਿਧਾਨ ਸਭਾ ਚੋਣਾਂ ਸਬੰਧੀ ਭਾਜਪਾ ਆਗੂਆਂ ਤੇ ਵਰਕਰਾਂ ਤੋਂ ਫੀਡਬੈਕ ਲੈਣਗੇ। ਅਸੀਂ ਸੁਖ-ਸ਼ਾਂਤੀ ਲਈ ਅਰਦਾਸ ਕੀਤੀ ਹੈ ਤੇ ਗੁਰੂ ਦਾ ਨਾਮ ਲੈ ਕੇ ਕੰਮ ਸ਼ੁਰੂ ਕਰਾਂਗੇ। ਵਿਧਾਨ ਸਭਾ ਚੋਣਾਂ ਲਈ ਪੰਜਾਬ ਵਿੱਚ ਤਿੰਨ ਵੱਡੇ ਨੇਤਾਵਾਂ ਹਰਦੀਪ ਪੁਰੀ, ਮੀਨਾਕਸ਼ੀ ਲੇਖੀ ਤੇ ਗਜੇਂਦਰ ਸ਼ੇਖਾਵਤ ਦੀ ਜ਼ਿੰਮੇਵਾਰੀ ਲਾਈ ਗਈ ਹੈ।
ਤਿੰਨੇ ਆਗੂ ਪੰਜਾਬ ਭਾਜਪਾ ਦੇ ਚੰਡੀਗੜ੍ਹ ਦਫ਼ਤਰ ਵਿੱਚ ਦਿਨ ਭਰ ਪੰਜਾਬ ਭਾਜਪਾ ਦੇ ਆਗੂਆਂ ਨਾਲ ਮੀਟਿੰਗਾਂ ਕਰਨਗੇ। ਇਸ ਮੌਕੇ ਪੰਜਾਬ ਦੀ ਲੀਡਰਸ਼ਿਪ ਵੱਲੋਂ ਕੌਮੀ ਜਨਰਲ ਸਕੱਤਰ ਤੇ ਪੰਜਾਬ ਇੰਚਾਰਜ ਦੁਸ਼ਯੰਤ ਗੌਤਮ, ਤਰੁਣ ਚੁੱਘ, ਡਾ. ਨਰਿੰਦਰ ਸਿੰਘ ਰੈਨਾ, ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਤੇ ਸੀਨੀਅਰ ਆਗੂ ਵਿਜੇ ਸਾਂਪਲਾ ਹਾਜ਼ਰ ਰਹੇ।
ਦੱਸ ਦਈਏ ਕਿ ਜਦੋਂ ਤੋਂ ਖੇਤੀ ਕਾਨੂੰਨ ਪਾਸ ਕੀਤੇ ਗਏ ਹਨ ਭਾਜਪਾ ਨੂੰ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਭਾਜਪਾ ਨੂੰ ਕਿਸਾਨਾਂ ਦੇ ਵਿਰੋਧ ਦੇ ਚਲਦੇ ਆਪਣੇ ਕਈ ਪ੍ਰੋਗਰਾਮ ਵੀ ਰੱਦ ਕਰਨੇ ਪਏ ਸਨ।
