ਭਾਜਪਾ ਨੂੰ ਲੈ ਕੇ ਲੋਕਾਂ ’ਚ ਭਾਰੀ ਉਤਸ਼ਾਹ, ਇਸ ਵਾਰ ਨਤੀਜੇ ਭਾਜਪਾ ਦੇ ਹੱਕ ’ਚ ਆਉਣਗੇ: ਸ਼ੇਖਾਵਤ

ਜਿੱਥੇ ਦੂਜੀਆਂ ਪਾਰਟੀਆਂ ਵਿਧਾਨ ਸਭਾ ਚੋਣਾਂ ਲਈ ਤਿਆਰੀਆਂ ਜ਼ੋਰਾਂ ਸ਼ੋਰਾਂ ਤੇ ਕਰ ਰਹੀਆਂ ਹਨ ਉੱਥੇ ਹੀ ਭਾਜਪਾ ਵੀ ਲੋਕਾਂ ਨੂੰ ਭਰਮਾਉਣ ਵਿੱਚ ਜੁਟੀ ਹੋਈ ਹੈ। ਦੇਰ ਰਾਤ ਹਲਕਾ ਸ੍ਰੀ ਮੁਕਤਸਰ ਸਾਹਿਬ ਵਿਖੇ ਭਾਜਪਾ ਉਮੀਦਵਾਰ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਭਾਜਪਾ ਦੇ ਕੇਂਦਰੀ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਪਹੁੰਚੇ ਸਨ।

ਇਸ ਦੌਰਾਨ ਸ਼ੇਖਾਵਤ ਨੇ ਕਿਹਾ ਕਿ ਪੰਜਾਬ ਵਿੱਚ ਹਰ ਪਾਸੇ ਭਾਜਪਾ ਪੰਜਾਬ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸਹਿਯੋਗ ਦੇ ਉਮੀਦਵਾਰਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ ਅਤੇ ਭਾਰਤੀ ਜਨਤਾ ਪਾਰਟੀ ਨੂੰ ਲੈ ਕੇ ਲੋਕਾਂ ਦੇ ਵਿੱਚ ਕਾਫ਼ੀ ਵੱਡਾ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਉਹਨਾਂ ਕਿਹਾ ਕਿ ਇਸ ਵਾਰ ਨਤੀਜੇ ਭਾਰਤੀ ਜਨਤਾ ਪਾਰਟੀ ਦੇ ਪੱਖ ਦੇ ਵਿੱਚ ਹੀ ਆਉਣਗੇ।
ਉਹਨਾਂ ਕਿਹਾ ਕਿ ਹਰੇਕ ਅਖਬਾਰਾਂ ਵੱਲੋਂ ਲਿਖਿਆ ਜਾ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਇਸ ਵਾਰ ਸਭ ਨੂੰ ਹੈਰਾਨ ਕਰ ਸਕਦੇ ਹਨ ਅਤੇ ਪੰਜਾਬ ਵਿੱਚ ਵੱਖਰੇ ਹੀ ਨਤੀਜੇ ਸਾਹਮਣੇ ਆਉਣਗੇ। ਇਸ ਦੇ ਨਾਲ ਹੀ ਉਹਨਾਂ ਨੇ ਕਾਂਗਰਸ ਤੇ ਵਰ੍ਹਦਿਆਂ ਕਿਹਾ ਕਿ, ਮੁੱਖ ਮੰਤਰੀ ਚੰਨੀ ਵੱਲੋਂ ਰੇਤ ਮਾਫ਼ੀਆ ਤੇ ਠੱਲ੍ਹ ਪਾਉਣ ਦੇ ਲਈ ਕਿਹਾ ਗਿਆ ਸੀ ਅਤੇ ਰੇਤ ਦੀ ਖੱਡ ਹੋਵੇ ਜਾਂ ਫਿਰ ਦੁਕਾਨ ਤੋਂ ਰੇਤ ਲੈਣੀ ਹੋਵੇ 5 ਰੁਪਏ ਦੇ ਹਿਸਾਬ ਨਾਲ ਹੀ ਮਿਲਣ ਬਾਰੇ ਕਿਹਾ ਸੀ ਪਰ ਪੰਜ ਰੁਪਏ ਦੇ ਹਿਸਾਬ ਨਾਲ ਲੋਕਾਂ ਨੂੰ ਰੇਤ ਮਿਲੇ ਪਰ ਈਡੀ ਨੂੰ ਉਹਨਾਂ ਦੇ ਰਿਸ਼ਤੇਦਾਰ ਦੇ ਘਰ ਕਰੋੜਾਂ ਰੁਪਏ ਜ਼ਰੂਰ ਮਿਲ ਗਏ ਹਨ।
