ਭਾਜਪਾ ਦਾ ਨਵਾਂ ਦਫਤਰ ਖੁੱਲ੍ਹਣ ਤੋਂ ਪਹਿਲਾਂ ਹੀ ਕਿਸਾਨਾਂ ਨੇ ਲਾਇਆ ਡੇਰਾ, ਨੱਢਾ ਨੇ ਕੀਤਾ ਪ੍ਰੋਗਰਾਮ ਰੱਦ

ਭਾਜਪਾ ਵੱਲੋਂ ਵੀਰਵਾਰ ਨੂੰ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਜਾਣਾ ਸੀ ਪਰ ਇਸ ਤੋਂ ਪਹਿਲਾਂ ਹੀ ਕਿਸਾਨਾਂ ਨੇ ਘਿਰਾਓ ਕਰ ਲਿਆ। ਭਾਜਪਾ ਪ੍ਰਧਾਨ ਜੇਪੀ ਨੱਢਾ ਵੱਲੋਂ ਵੀਡੀਓ ਕਾਨਫਰੰਸ ਜ਼ਰੀਏ ਬਠਿੰਡਾ ਵਿੱਚ ਭਾਜਪਾ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਜਾਣਾ ਸੀ।

ਇਸ ਦੇ ਮੱਦੇਨਜ਼ਰ ਦਫ਼ਤਰ ਵਿੱਚ ਬਠਿੰਡਾ ਲੀਡਰਸ਼ਿਪ ਵੱਲੋਂ ਪੁੱਜਣ ਦਾ ਪ੍ਰੋਗਰਾਮ ਸੀ। ਉਂਝ ਨੱਢਾ ਨੇ ਬੁੱਧਵਾਰ ਸ਼ਾਮ ਹੀ ਪ੍ਰੋਗਰਾਮ ਰੱਦ ਕਰ ਦਿੱਤਾ ਸੀ। ਉੱਥੇ ਹੀ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਦਫ਼ਤਰ ਵਾਲੀ ਥਾਂ ਤੇ ਬਾਹਰ ਘਿਰਾਓ ਕਰ ਕੇ ਨਾਅਰੇਬਾਜ਼ੀ ਕਰਦੇ ਹੋਏ ਕਿਹਾ ਕਿ ਕਿਸੇ ਵੀ ਹਾਲ ਵਿੱਚ ਉਹ ਭਾਰਤੀ ਜਨਤਾ ਪਾਰਟੀ ਨੂੰ ਦਫ਼ਤਰ ਨਹੀਂ ਖੁੱਲ੍ਹਣ ਦੇਣਗੇ।
ਉਨ੍ਹਾਂ ਕਿਹਾ ਕਿ 21 ਨਵੰਬਰ ਨੂੰ ਹੋਣ ਵਾਲੀ ਮੀਟਿੰਗ ਵੀ ਬੇਸਿੱਟਾ ਰਹਿਣ ਦਾ ਖਦਸ਼ਾ ਹੈ ਜਿਸ ਦੇ ਮੱਦੇਨਜ਼ਰ ਅਸੀਂ ਬੀਜੇਪੀ ਨੂੰ ਦੱਸਣਾ ਚਾਹੁੰਦੇ ਹਾਂ ਉਨ੍ਹਾਂ ਨੂੰ ਕਦੇ ਵੀ ਪੰਜਾਬ ਵਿੱਚ ਨਹੀਂ ਵੜਨ ਦੇਵਾਂਗੇ। ਦਸ ਦਈਏ ਕਿ ਕੇਂਦਰ ਸਰਕਾਰ ਪਾਸੋਂ ਜਾਰੀ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਪੰਜਾਬ ਦੇ ਕਿਸਾਨ ਪੂਰੀ ਤਰ੍ਹਾਂ ਗਰਮਾਏ ਹੋਏ ਹਨ।
ਉਹਨਾਂ ਵੱਲੋਂ ਲਗਾਤਾਰ ਮੰਗ ਕੀਤੀ ਜਾ ਰਹੀ ਹੈ ਕਿ ਕੇਂਦਰ ਸਰਕਾਰ ਇਹਨਾਂ ਕਾਨੂੰਨਾਂ ਨੂੰ ਰੱਦ ਕਰੇ। ਪਰ ਲਗਦਾ ਹੈ ਕਿ ਕੇਂਦਰ ਸਰਕਾਰ ਦੇ ਕੰਨ ਤੇ ਜੂੰ ਨਹੀਂ ਸਰਕਦੀ। ਕਿਸਾਨ 26-27 ਤਰੀਕ ਨੂੰ ਦਿੱਲੀ ਵੱਲ ਕੂਚ ਕਰਨਗੇ। ਇਸ ਰੈਲੀ ਵਿੱਚ ਬਹੁਤ ਸਾਰੇ ਸੂਬਿਆਂ ਦੇ ਕਿਸਾਨ ਸ਼ਾਮਲ ਹੋਣਗੇ ਜੋ ਕਿ ਵੱਡੇ ਪੱਧਰ ਤੇ ਧਰਨੇ ਪ੍ਰਦਰਸ਼ਨ ਕਰਨਗੇ।
