ਭਾਜਪਾ ‘ਚ ਸ਼ਾਮਲ ਹੋਣ ਤੋਂ ਬਾਅਦ ‘ਮਨਪ੍ਰੀਤ ਬਾਦਲ’ ਨੇ ਦਿੱਤਾ ਬਿਆਨ, ਮੋਦੀ ਦੀ ਕੀਤੀ ਤਾਰੀਫ਼

ਹਾਲ ਹੀ ਵਿੱਚ ਭਾਜਪਾ ਪਾਰਟੀ ਵਿੱਚ ਸ਼ਾਮਲ ਹੋਏ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ, ਭਾਜਪਾ ਨੇ ਮੈਨੂੰ ਆਪਣੀਆਂ ਅੱਖਾਂ ਤੇ ਬਿਠਾਇਆ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਲਈ ਕਾਫ਼ੀ ਫਿਕਰਮੰਦ ਹਨ। ਉਹਨਾਂ ਕਿਹਾ ਕਿ ਪੰਜਾਬ ਦੀ ਧਰਤੀ ਸ਼ੇਰਾਂ ਨੂੰ ਜਨਮ ਦੇਣ ਵਾਲੀ ਧਰਤੀ ਹੈ। ਉਹਨਾਂ ਕਿਹਾ ਕਿ ਇਸ ਧਰਤੀ ਨੂੰ ਮੁਸੀਬਤਾਂ ਨੇ ਘੇਰ ਲਿਆ ਹੈ ਅਤੇ ਗਰੀਬੀ, ਬੇਰੁਜ਼ਗਾਰੀ, ਨਸ਼ਾ ਚਰਮ ਸੀਮਾ ਤੇ ਹਨ।
ਉਹਨਾਂ ਕਿਹਾ ਕਿ ਇਹਨਾਂ ਮੁਸੀਬਤਾਂ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਹੈ। ਸਾਬਕਾ ਮੰਤਰੀ ਬਾਦਲ ਨੇ ਕਿਹਾ ਕਿ ਪੰਜਾਬ ਦੇ ਵੱਕਾਰ ਨੂੰ ਮੁੜ ਤੋਂ ਬਹਾਲ ਕਰਾਂਗੇ। ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਹਿੰਦੂਸਤਾਨ ਨੇ ਕਾਫ਼ੀ ਤਰੱਕੀ ਕੀਤੀ ਹੈ ਅਤੇ ਉਹਨਾਂ ਦੀ ਇਕਾਨਾਮੀ ਬਹੁਤ ਮਜ਼ਬੂਤ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੀਆਂ ਤਾਰੀਫ਼ਾਂ ਦੇ ਪੁਲ਼ ਬੰਨ੍ਹਦਿਆਂ ਸ਼ੇਅਰੋ-ਸ਼ਾਇਰੀ ਵੀ ਕੀਤੀ।
ਉਹਨਾਂ ਕਿਹਾ ਕਿ ਪੰਜਾਬ ਦੀਆਂ ਚੁਣੌਤੀਆਂ ਨੂੰ ਜੇ ਕੋਈ ਪਟੜੀ ਤੇ ਚੜ੍ਹਾ ਸਕਦਾ ਹੈ ਤਾਂ ਉਹ ਸਿਰਫ਼ ਪ੍ਰਧਾਨ ਮੰਤਰੀ ਮੋਦੀ ਹੀ ਹਨ। ਕਾਂਗਰਸ ਬਾਰੇ ਬੋਲਦਿਆਂ ਉਹਨਾਂ ਕਿਹਾ ਕਿ ਕਾਂਗਰਸ ਧੜਿਆਂ ਵਿੱਚ ਵੰਡੀ ਹੋਈ ਹੈ। ਸਾਬਕਾ ਮੰਤਰੀ ਨੇ ਕਿਹਾ ਕਿ ਮੈਂ ਧੜਿਆਂ ਦੀ ਸਿਆਸਤ ਕਾਰਨ ਹੀ ਕਾਂਗਰਸ ਛੱਡੀ ਹੈ ਅਤੇ ਕਾਂਗਰਸ ਦਾ ਦੇਸ਼ ਦੇ ਹਰ ਸੂਬੇ ਵਿੱਚ ਇਹੀ ਹਾਲ ਹੈ। ਉਹਨਾਂ ਕਿਹਾ ਕਿ ਅਸੀਂ ਦੇਸ਼ ਅਤੇ ਪੰਜਾਬ ਦੀ ਸੇਵਾ ਕਰਨੀ ਹੈ ਅਤੇ ਧੜਿਆਂ ਦੀ ਸਿਆਸਤ ਨਹੀਂ ਕਰਨੀ।