ਭਾਜਪਾ ’ਚੋਂ ਕੱਢੇ ਜਾਣ ਪਿਛੋਂ ਅਨਿਲ ਜੋਸ਼ੀ ਫਿਰ ਉੱਤਰੇ ਕਿਸਾਨਾਂ ਦੇ ਹੱਕ ’ਚ, ਜਾਣਗੇ ਸਿੰਘੂ ਬਾਰਡਰ

ਕੁਝ ਦਿਨ ਪਹਿਲਾਂ ਅਨਿਲ ਜੋਸ਼ੀ ਨੂੰ ਕਿਸਾਨਾਂ ਦੇ ਹੱਕ ਵਿੱਚ ਬੋਲਣ ਕਾਰਨ ਭਾਜਪਾ ਪਾਰਟੀ ਵੱਲੋਂ ਬਾਹਰ ਕੱਢ ਦਿੱਤਾ ਗਿਆ ਹੈ। ਉਹਨਾਂ ਨੇ ਐਲਾਨ ਕਰਦਿਆਂ ਕਿਹਾ ਕਿ, “ਉਹ ਕਿਸਾਨੀ ਅੰਦੋਲਨ ਨੂੰ ਸਿਜਦਾ ਤੇ ਕਿਸਾਨਾਂ ਦੇ ਹੌਂਸਲੇ ਨੂੰ ਸਲਾਮ ਕਰਨ ਲਈ ਸਿੰਘੂ ਬਾਰਡਰ ਜਾਣਗੇ।” ਉਹਨਾਂ ਕਿਹਾ ਕਿ, “ਉਹ ਕਿਸਾਨਾਂ ਦੀ ਪ੍ਰਵਾਨਗੀ ਨਾਲ ਉਹਨਾਂ ਨੂੰ ਨਮਸਕਾਰ ਕਰਨ ਲਈ ਜਾਣਗੇ। ਉਹ ਇਸ ਸਮੇਂ ਕਿਸੇ ਸਿਆਸੀ ਪਾਰਟੀ ਨਾਲ ਜੁੜੇ ਹੋਏ ਨਹੀਂ ਹਨ ਤੇ ਇੱਕ ਆਮ ਆਦਮੀ ਹਨ।

ਇਸ ਲਈ ਪਿਛਲੇ ਇੱਕ ਸਾਲ ਤੋਂ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਮਿਲਣ ਜਾਣਗੇ।” ਉਹਨਾਂ ਅੱਗੇ ਕਿਹਾ ਕਿ, “ਪਾਰਟੀ ਅਜੇ ਵੀ ਕਿਸਾਨਾਂ ਦੀ ਗੱਲ ਸੁਣ ਲਵੇ, ਕਿਸਾਨਾਂ ਦਾ ਮਸਲਾ ਹੱਲ ਕਰ ਦੇਵੇ, ਉਹ ਪਾਰਟੀ ਕੋਲੋਂ ਮੁਆਫ਼ੀ ਮੰਗਣ ਲਈ ਤਿਆਰ ਹਨ।” ਜੋਸ਼ੀ ਨੇ ਕਿਹਾ ਕਿ, “ਭਾਜਪਾ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਦੀ ਗੱਲ ਜ਼ਰੂਰ ਸੁਣੇ, ਭਾਵੇਂ ਉਹਨਾਂ ਨੂੰ ਪਾਰਟੀ ਵਿੱਚ ਵਾਪਸ ਨਾ ਲਵੇ।
ਭਾਜਪਾ ਲੀਡਰਾਂ ਨੂੰ ਕੋਈ ਪਿੰਡਾਂ ਵਿੱਚ ਵੜਨ ਨਹੀਂ ਦਿੰਦਾ। ਉਹਨਾਂ ਦਾ ਸਿਆਸੀ ਪਾਰਟੀ ਵਿੱਚ ਜਾਣ ਦਾ ਇਰਾਦਾ ਨਹੀਂ ਹੈ ਪਰ ਉਹ ਅਜੇ ਮੰਥਨ ਕਰਨਗੇ।” ਉਹਨਾਂ ਨੇ ਕਿਸਾਨਾਂ ਦੇ ਹੱਕ ਵਿੱਚ ਬੋਲਦਿਆਂ ਕਿਹਾ ਕਿ, “ਉਹਨਾਂ ਨੇ ਪੰਜਾਬ ਦੇ ਲੋਕਾਂ ਦੇ ਹੱਕਾਂ ਦੀ ਗੱਲ ਕਰਕੇ ਕਈ ਗੁਨਾਹ ਨਹੀਂ ਕੀਤਾ, ਜਿਸ ਲਈ ਪਾਰਟੀ ਦੇ ਇਸ ਫ਼ੈਸਲੇ ਕਾਰਨ ਸ਼ਰਮਿੰਦਗੀ ਮਹਿਸੂਸ ਹੋਵੇ।”
ਉਹਨਾਂ ਸਿਰਫ਼ ਪਾਰਟੀ ਦੀ ਸਾਖ ਨੂੰ ਬਚਾਉਣ ਲਈ ਸਭ ਕੁਝ ਕੀਤਾ ਹੈ, ਇਸ ਲਈ ਪਾਰਟੀ ਵੱਲੋਂ ਕੀਤਾ ਫ਼ੈਸਲਾ ਕੋਈ ਸਜ਼ਾ ਨਹੀਂ ਸਗੋਂ ਉਹਨਾਂ ਲਈ ਗੋਲਡ ਮੈਡਲ ਹੈ। ਜੋਸ਼ੀ ਨੇ ਭਾਜਪਾ ਤੇ ਤਵਾ ਲਾਉਂਦੇ ਹੋਏ ਕਿਹਾ ਕਿ, “ਅੱਜ ਜਿਹੜੀ ਸਥਿਤੀ ਪੈਦਾ ਹੋਈ ਹੈ ਉਸ ਦੀ ਜ਼ਿੰਮੇਵਾਰ ਭਾਜਪਾ ਦੀ ਟੀਮ ਹੈ ਜੋ ਨਾ ਤਾਂ ਕਿਸਾਨਾਂ ਦੀ ਗੱਲ ਸਹੀ ਸਮੇਂ ਤੇ ਸਹੀ ਢੰਗ ਨਾਲ ਕੇਂਦਰ ਕੋਲ ਰੱਖ ਸਕੀ ਤੇ ਨਾ ਹੀ ਭਾਜਪਾ ਵਰਕਰਾਂ ਦੇ ਮਾਣ ਸਨਮਾਨ ਦੀ ਰਾਖੀ ਕਰ ਸਕੀ।”
