ਭਾਜਪਾ ਆਗੂ ਤਜਿੰਦਰ ਪਾਲ ਬੱਗਾ ਨੂੰ ਪੰਜਾਬ ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਭਾਜਪਾ ਆਗੂ ਤਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਨਰੇਸ਼ ਬਾਲਿਆਣ ਨੇ ਇਹ ਜਾਣਕਾਰੀ ਦਿੱਤੀ ਹੈ। ਮੋਹਾਲੀ ਪੁਲਿਸ ਨੇ 1 ਅਪ੍ਰੈਲ ਨੂੰ ਬੱਗਾ ਖਿਲਾਫ ਮੁੱਖ ਮੰਤਰੀ ਖਿਲਾਫ ਭੜਕਾਊ ਭਾਸ਼ਣ ਅਤੇ ਟਿੱਪਣੀ ਕਰਨ ਦਾ ਮਾਮਲਾ ਦਰਜ ਕੀਤਾ ਸੀ। ਇਹ ਦਾਅਵਾ ਭਾਜਪਾ ਆਗੂ ਕਪਿਲ ਮਿਸ਼ਰਾ ਨੇ ਕੀਤਾ ਹੈ।
ਕਪਿਲ ਮਿਸ਼ਰਾ ਮੁਤਾਬਕ ਪੰਜਾਬ ਪੁਲਿਸ ਦੇ 50 ਮੁਲਾਜ਼ਮਾਂ ਨੇ ਤੇਜਿੰਦਰ ਬੱਗਾ ਨੂੰ ਉਸ ਦੇ ਘਰੋਂ ਗ੍ਰਿਫ਼ਤਾਰ ਕੀਤਾ ਹੈ। ਹਾਸਲ ਜਾਣਕਾਰੀ ਮੁਤਾਬਕ ਮੁਹਾਲੀ ਪੁਲਿਸ ਨੇ ਤਜਿੰਦਰ ਖ਼ਿਲਾਫ਼ ਸਾਈਬਰ ਸੈੱਲ ਵਿੱਚ ਕੇਸ ਦਰਜ ਕੀਤਾ ਸੀ, ਇਸ ਮਾਮਲੇ ਵਿੱਚ ਹੁਣ ਗ੍ਰਿਫ਼ਤਾਰੀ ਹੋਈ ਹੈ। ਹੁਣ ਇਸ ਮਾਮਲੇ ‘ਤੇ ਸਿਆਸਤ ਵੀ ਤੇਜ਼ ਹੋ ਗਈ ਹੈ। ਭਾਜਪਾ ਆਗੂਆਂ ਨੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ।
ਦੱਸ ਦਈਏ ਕਿ ਜ਼ਿਲ੍ਹਾ ਮੋਹਾਲੀ ਵਿਖੇ ਪੰਜਾਬ ਸਟੇਟ ਸਾਈਬਰ ਕਰਾਈਮ ਸੈੱਲ ਵਿੱਚ ਬੀਜੇਪੀ ਨੇਤਾ ਤੇਜਿੰਦਰਪਾਲ ਸਿੰਘ ਬੱਗਾ ਖਿਲਾਫ 1 ਅਪਰੈਲ, 2022 ਨੂੰ ਐਫਆਈਆਰ ਦਰਜ ਕੀਤੀ ਗਈ ਸੀ। ਇਸ ਐਫਆਈਆਰ ਵਿੱਚ ਤੇਜਿੰਦਰਪਾਲ ਸਿੰਘ ਬੱਗਾ ਖਿਲਾਫ ਆਈਪੀਸੀ ਦੀ ਧਾਰਾ 153-A, 505, 505 (2 ), 506 ਤਹਿਤ ਕੇਸ ਦਰਜ ਕੀਤਾ ਗਿਆ ਹੈ।
ਇਸ ਸਬੰਧੀ ਡਾ. ਸਨੀ ਸਿੰਘ ਆਹਲੂਵਾਲੀਆ ਦੀ ਸ਼ਿਕਾਇਤ ਤੇ ਇਹ ਐਫਆਈਆਰ ਦਰਜ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਇਲਜ਼ਾਮ ਲਾਇਆ ਹੈ ਕਿ ਬੱਗਾ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਗਲਤ ਜਾਣਕਾਰੀ ਸੋਸ਼ਲ ਮੀਡੀਆ ’ਤੇ ਫੈਲਾਈ ਹੈ ਤੇ ਗਲਤ ਬਿਆਨਬਾਜੀ ਕੀਤੀ ਹੈ।
