ਭਾਜਪਾ ਆਗੂ ਕਾਹਲੋਂ ਦੇ ਘਰ ‘ਚ ਕਿਸਾਨਾਂ ਨੇ ਸੁੱਟਿਆ ਗੋਹਾ, ਕਾਹਲੋਂ ਨੇ ਕਿਸਾਨਾਂ ਦੇ ਡਾਂਗਾਂ ਮਾਰਨ ਦਾ ਦਿੱਤਾ ਸੀ ਬਿਆਨ

ਭਾਜਪਾ ਆਗੂ ਹਰਿੰਦਰ ਕਾਹਲੋਂ ਨੇ ਕਿਸਾਨਾਂ ਨੂੰ ਡਾਂਗਾਂ ਮਾਰ ਕੇ ਜੇਲ੍ਹਾਂ ‘ਚ ਬੰਦ ਕਰਨ ਦੇ ਦਿੱਤੇ ਵਿਵਾਦਿਤ ਬਿਆਨ ਨੂੰ ਲੈ ਕਿਸਾਨਾਂ ਦਾ ਗੁੱਸਾ ਸੱਤਵੇਂ ਅਸਮਾਨ ‘ਤੇ ਹੈ।ਬੀਤੀ ਰਾਤ ਜਲੰਧਰ ਦੇ ਦਕੋਹਾ ‘ਚ ਕਿਸਾਨ ਗੋਹੇ ਨਾਲ ਭਰੀਆਂ ਬੋਰੀਆਂ ਹਰਿੰਦਰ ਕਾਹਲੋਂ ਦੇ ਘਰ ਬਾਹਰ ਲੈ ਆਏ ਜਿਸ ਤੋਂ ਬਾਅਦ ਉਹਨਾਂ ਵੱਲੋਂ ਭਾਜਪਾ ਆਗੂ ਕਾਹਲੋਂ ਦੇ ਘਰ ਅੰਦਰ ਅਤੇ ਬਾਹਰ ਗੋਹਾ ਸੁੱਟਿਆ ਗਿਆ।ਇਸ ਦੌਰਾਨ ਕਿਸਾਨਾਂ ਨੇ ਭਾਜਪਾ ਆਗੂ ਹਰਿੰਦਰ ਕਾਹਲੋਂ ਖਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਵੀ ਕੀਤੀ।

ਕਾਬਲੇਗੌਰ ਹੈ ਕਿ ਹਰਿੰਦਰ ਕਾਹਲੋਂ ਨੇ ਭਾਜਪਾ ਦਾ ਲੜ ਫੜਨ ਤੋਂ ਬਾਅਦ ਜਲੰਧਰ ‘ਚ ਆਪਣੇ ਸਨਮਾਨ ਸਮਾਗਮ ਵਿੱਚ ਕਿਸਾਨ ਅੰਦੋਲਨ ‘ਤੇ ਬੋਲਦਿਆ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਹੀ ਕਿਸਾਨਾਂ ਨਾਲ ਲਿਹਾਜ ਕਰ ਰਹੇ ਨੇ ਅਤੇ ਉਹਨਾਂ ਨੂੰ ਕੁੱਝ ਨਹੀਂ ਕਹਿ ਰਹੇ, ਪਰ ਜੇਕਰ ਉਹ ਨਰਿੰਦਰ ਮੋਦੀ ਦੀ ਜਗ੍ਹਾ ਹੁੰਦੇ ਤਾਂ ਇਹਨਾਂ ਨੂੰ ਡਾਂਗਾਂ ਮਾਰ ਮਾਰ ਕੇ ਜੇਲ ਵਿੱਚ ਸੁੱਟ ਦੇਣਾ ਸੀ।ਜਿਸ ਤੋਂ ਬਾਅਦ ਕਿਸਾਨ ਹੁਣ ਹਰਿੰਦਰ ਕਾਹਲੋਂ ਤੋਂ ਮੁਆਫੀ ਮਗਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਨੇ ਅਤੇ ਉਹਨਾਂ ਵੱਲੋਂ ਹਰਿੰਦਰ ਕਾਹਲੋਂ ਦਾ ਵਿਰੋਧ ਕੀਤਾ ਜਾ ਰਿਹੈ।

