ਭਾਜਪਾ ਆਗੂ ਆਸ਼ੀਸ਼ ਮਿਸ਼ਰਾ ਹੋਇਆ ਗ੍ਰਿਫ਼ਤਾਰ, ਨਹੀਂ ਦੇ ਸਕਿਆ ਪੁਲਿਸ ਦੇ ਕੁਝ ਸਵਾਲਾਂ ਦੇ ਜਵਾਬ

ਲਖੀਮਪੁਰ ਖੀਰੀ ਘਟਨਾ ਦੇ ਮੁਲਜ਼ਮ ਭਾਜਪਾ ਆਗੂ ਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਪੁਲਿਸ ਨੇ ਪੁੱਛਗਿਛ ਲਈ ਸੰਮਨ ਭੇਜੇ ਸਨ। ਇਸ ਤੋਂ ਬਾਅਦ ਉਸ ਤੋਂ ਕਈ ਘੰਟੇ ਪੁੱਛਗਿਛ ਚੱਲੀ। ਭਾਜਪਾ ਆਗੂ ਆਸ਼ੀਸ਼ ਮਿਸ਼ਰਾ ਨੂੰ ਪੁਲਿਸ ਵੱਲੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

ਸਹਾਰਨਪੁਰ ਦੇ ਡੀ.ਆਈ.ਜੀ. ਉਪੇਂਦਰ ਅਗਰਵਾਲ ਨੇ ਜਾਣਕਾਰੀ ਦਿੱਤੀ ਕਿ ਪੁੱਛਗਿੱਛ ਦੌਰਾਨ ਆਸ਼ੀਸ਼ ਮਿਸ਼ਰਾ ਦਾ ਵਤੀਰਾ ਅਸਹਿਯੋਗ ਕਰਨ ਵਾਲਾ ਸੀ ਤੇ ਕੁਝ ਪ੍ਰਸ਼ਨਾਂ ਦੇ ਉਹ ਉੱਤਰ ਨਹੀਂ ਦੇ ਸਕਿਆ। ਜਿਸ ਕਾਰਨ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਭਲਕੇ ਉਸ ਨੂੰ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਦੱਸ ਦਈਏ ਕਿ ਅਸ਼ੀਸ਼ ਮਿਸ਼ਰਾ ਨੂੰ ਸ਼ਨੀਵਾਰ ਸਵੇਰੇ 11 ਵਜੇ ਤੋਂ 6 ਲੋਕਾਂ ਦੀ ਟੀਮ ਨੇ ਪੁੱਛਗਿੱਛ ਕੀਤੀ ਸੀ। ਇਸ ਦੌਰਾਨ ਆਸ਼ੀਸ਼ ਮਿਸ਼ਰਾਂ ਤੋਂ 40 ਸਵਾਲ ਪੁੱਛੇ ਗਏ ਸਨ। ਲਖੀਮਪੁਰ ਵਿੱਚ ਕ੍ਰਾਇਮ ਬ੍ਰਾਂਚ ਦੇ ਦਫ਼ਤਰ ਵਿੱਚ ਆਸ਼ੀਸ਼ ਮਿਸ਼ਰਾ ਤੋਂ ਮਜਿਸਟ੍ਰੇਟ ਦੇ ਸਾਹਮਣੇ ਸਵਾਲ ਕੀਤੇ ਗਏ ਸੀ ਪਰ ਜਾਂਚ ਵਿੱਚ ਸਹਿਯੋਗ ਨਾ ਦੇਣ ਕਾਰਨ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਲਗਭਗ 12 ਘੰਟੇ ਤੱਕ ਚੱਲੀ ਪੁੱਛਗਿੱਛ ਤੋਂ ਬਾਅਦ ਆਸ਼ੀਸ਼ ਮਿਸ਼ਰਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਕ੍ਰਈਮ ਬ੍ਰਾਂਚ ਵੱਲੋਂ ਆਸ਼ੀਸ਼ ਮਿਸ਼ਰਾ ਨੂੰ ਸੰਮਨ ਭੇਜ 9ਅਕਤੂਬਰ ਨੂੰ 10 ਵਜੇ ਪੇਸ਼ ਹੋਣ ਲਈ ਕਿਹਾ ਗਿਆ ਸੀ। ਲਖੀਮਪੁਰ ਪੁਲਿਸ ਜਦੋਂ ਸੰਮਨ ਲੈ ਕੇ ਕੇਂਦਰੀ ਗ੍ਰਹਿ ਰਾਜਮੰਤਰੀ ਅਜੇ ਮਿਸ਼ਰਾ ਟੇਨੀ ਦੇ ਘਰ ਪਹੁੰਚੀ ਤਾਂ ਉੱਥੇ ਕੋਈ ਨਹੀਂ ਸੀ। ਪੁਲਿਸ ਰਾਜਮੰਤਰੀ ਦੇ ਘਰ ਦੂਜਾ ਨੋਟਿਸ ਚਿਪਕਾ ਆਈ ਸੀ।
ਕ੍ਰਾਇਮ ਬ੍ਰਾਂਚ ਨੇ ਆਸ਼ੀਸ਼ ਮਿਸ਼ਰਾ ਨੂੰ ਦੁਬਾਰਾ ਤਲਬ ਕੀਤਾ ਸੀ। ਕ੍ਰਾਇਮ ਬ੍ਰਾਂਚ ਨੇ ਆਸ਼ੀਸ਼ ਮਿਸ਼ਰਾ ਨੂੰ ਪਹਿਲਾਂ ਵੀ ਤਲਬ ਕੀਤਾ ਸੀ ਪਰ ਉਹ ਨਹੀਂ ਪਹੁੰਚਿਆ। ਆਸ਼ੀਸ਼ ਮਿਸ਼ਰਾ ਦੇ ਨੇਪਾਲ ਭੱਜਣ ਦੀ ਵੀ ਚਰਚਾ ਸੀ। ਹਾਲਾਂਕਿ ਆਸ਼ੀਸ਼ ਦੇ ਪਿਤਾ ਅਤੇ ਕੇਂਦਰੀ ਮੰਤਰੀ ਅਜੇ ਮਿਸ਼ਰਾ ਟੇਨੀ ਖੁਦ ਸਾਹਮਣੇ ਆਏ ਸਨ ਅਤੇ ਕਿਹਾ ਸੀ ਕਿ ਉਹ ਕਿਤੇ ਨਹੀਂ ਗਿਆ।
