ਭਗਤ ਸਿੰਘ ਨੂੰ ਯਾਦ ਕਰ ਰਿਹਾ ਦੇਸ਼, ਆਜ਼ਾਦੀ ਲਈ ਅੱਜ ਦੇ ਦਿਨ ਦਿੱਤੀ ਸੀ ਕੁਰਬਾਨੀ

23 ਮਾਰਚ 1931 ਨੂੰ ਕ੍ਰਾਂਤੀਕਾਰੀ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਫ਼ਾਂਸੀ ਦਿੱਤੀ ਗਈ ਸੀ। ਭਾਰਤ ਨੂੰ ਆਜ਼ਾਦ ਕਰਾਉਣ ਲਈ ਇਹਨਾਂ ਸੂਰਬੀਰਾਂ ਨੇ ਹੱਸਦੇ-ਹੱਸਦੇ ਫ਼ਾਂਸੀ ਦਾ ਫੰਦਾ ਚੁੰਮਿਆ ਸੀ। ਭਾਰਤ ਦੇ ਇਹਨਾਂ ਪੁੱਤਰਾਂ ਨੂੰ ਬ੍ਰਿਟਿਸ਼ ਹਕੂਮਤ ਨੇ ਲਾਹੌਰ ਜੇਲ੍ਹ ਵਿੱਚ ਫਾਂਸੀ ’ਤੇ ਲਟਕਾਇਆ ਸੀ। ਇਹਨਾਂ ਯੋਧਿਆਂ ਦੇ ਬਲੀਦਾਨ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ।

ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਨੂੰ 24 ਮਾਰਚ ਨੂੰ ਫਾਂਸੀ ਦਿੱਤੀ ਜਾਣੀ ਸੀ ਪਰ ਲੋਕਾਂ ਦੇ ਗੁੱਸਾ ਦੇਖਦੇ ਹੋਏ ਤਰੀਕ ਤੋਂ ਪਹਿਲਾਂ ਹੀ ਫਾਂਸੀ ਤੇ ਲਟਕਾ ਦਿੱਤਾ ਗਿਆ। ਭਗਤ ਸਿੰਘ ਦਾ ਜਨਮ 28 ਸਤੰਬਰ 1907 ਨੂੰ ਲਾਇਲਪੁਰ ਜਿਲ੍ਹੇ ਦੇ ਪਿੰਡ ਬੰਗਾ (ਪੰਜਾਬ, ਬਰਤਾਨਵੀ ਭਾਰਤ, ਹੁਣ ਪਾਕਿਸਤਾਨ) ਵਿੱਚ ਹੋਇਆ। ਉਸ ਦਾ ਜੱਦੀ ਘਰ ਭਾਰਤੀ ਪੰਜਾਬ ਦੇ ਨਵਾਂ ਸ਼ਹਿਰ ਜਿਲ੍ਹੇ ਦੇ ਖਟਕੜ ਕਲਾਂ ਪਿੰਡ ਵਿੱਚ ਸਥਿਤ ਹੈ।
ਉਸ ਦੇ ਪਿਤਾ ਦਾ ਨਾਂ ਸਰਦਾਰ ਕਿਸ਼ਨ ਸਿੰਘ ਅਤੇ ਮਾਤਾ ਦਾ ਨਾਂ ਵਿਦਿਆਵਤੀ ਸੀ। ਇਹ ਇੱਕ ਜੱਟ ਸਿੱਖ ਪਰਿਵਾਰ ਸੀ, ਜਿਸ ਨੇ ਆਰੀਆ ਸਮਾਜ ਦੇ ਵਿਚਾਰਾਂ ਨੂੰ ਅਪਣਾ ਲਿਆ ਸੀ। ਉਸ ਦੇ ਜਨਮ ਵੇਲੇ ਉਸ ਦੇ ਪਿਤਾ ਅਤੇ ਦੋ ਚਾਚਿਆਂ, ਅਜੀਤ ਸਿੰਘ ਅਤੇ ਸਵਰਨ ਸਿੰਘ ਦੀ ਜੇਲ੍ਹ ਵਿਚੋਂ ਰਿਹਾਈ ਹੋਈ ਸੀ ਜਿਸ ਕਾਰਨ ਉਸ ਨੂੰ ਭਾਗਾਂ ਵਾਲਾ ਸਮਝਿਆ ਗਿਆ।

ਉਸ ਦੇ ਵਡੇਰੇ ਭਾਰਤੀ ਆਜ਼ਾਦੀ ਲਹਿਰਾਂ ਵਿੱਚ ਸਰਗਰਮ ਸਨ, ਕੁਝ ਮਹਾਰਾਜਾ ਰਣਜੀਤ ਸਿੰਘ ਦੀ ਫ਼ੌਜ ਵਿੱਚ ਨੌਕਰੀ ਕਰਦੇ ਰਹੇ ਸਨ। ਉਸਦਾ ਪਰਿਵਾਰ ਸਿਆਸੀ ਤੌਰ ’ਤੇ ਸਰਗਰਮ ਸੀ। ਉਸ ਦੇ ਦਾਦਾ, ਅਰਜਨ ਸਿੰਘ ਨੇ ਸਵਾਮੀ ਦਯਾਨੰਦ ਸਰਸਵਤੀ ਦੀ ਹਿੰਦੂ ਸੁਧਾਰਵਾਦੀ ਲਹਿਰ, ਆਰੀਆ ਸਮਾਜ, ਨੂੰ ਅਪਣਾਇਆ ਜਿਸ ਦਾ ਭਗਤ ਸਿੱਘ ਉੱਤੇ ਕਾਫ਼ੀ ਪ੍ਰਭਾਵ ਪਿਆ।
ਉਸ ਦੇ ਪਿਤਾ ਅਤੇ ਚਾਚੇ ਕਰਤਾਰ ਸਿੰਘ ਸਰਾਭਾ ਅਤੇ ਹਰਦਿਆਲ ਦੀ ਅਗਵਾਈ ਵਿੱਚ ਭਾਰਤ ਦੀ ਸੁਤੰਤਰਤਾ ਲਈ ਸਰਗਰਮ ਗਦਰ ਪਾਰਟੀ ਦੇ ਮੈਂਬਰ ਸਨ। ਅਜੀਤ ਸਿੰਘ ਨੂੰ ਅੰਗਰੇਜ਼ ਸਰਕਾਰ ਨੇ ਅਦਾਲਤੀ ਮਾਮਲਿਆਂ ਤਹਿਤ ਕੈਦ ਕੀਤਾ ਹੋਇਆ ਸੀ ਜਦੋਂ ਕਿ ਜੇਲ੍ਹ ਵਿੱਚੋਂ ਰਿਹਾ ਕੀਤੇ ਜਾਣ ਤੋਂ ਬਾਅਦ 1910 ਵਿੱਚ ਲਾਹੌਰ ਵਿੱਚ ਦੂਜੇ ਚਾਚੇ ਸਵਰਨ ਸਿੰਘ ਦੀ ਮੌਤ ਹੋ ਗਈ ਸੀ।
ਭਗਤ ਸਿੰਘ ਭਾਵੇਂ ਭੜਾਕੂ ਨਹੀਂ ਸਨ ਪਰ ਫਿਰ ਵੀ ਉਹ ਕਿਤਾਬਾਂ ਪੜ੍ਹਨ ਦਾ ਸ਼ੌਂਕ ਰੱਖਦੇ ਸਨ। ਉਰਦੂ ਵਿੱਚ ਉਹਨਾਂ ਨੂੰ ਮੁਹਾਰਤ ਹਾਸਲ ਸੀ ਤੇ ਉਹ ਇਸੇ ਭਾਸ਼ਾ ਵਿੱਚ ਅਪਣੇ ਪਿਤਾ ਕਿਸ਼ਨ ਸਿੰਘ ਨੂੰ ਖਤ ਲਿਖਦਾ ਰਹਿੰਦਾ ਸੀ। 1919 ਵਿੱਚ ਜਦੋਂ ਉਹ 12 ਸਾਲਾਂ ਦਾ ਸੀ ਤਾਂ ਭਗਤ ਸਿੰਘ ਨੇ ਜਲ੍ਹਿਆਂਵਾਲਾ ਬਾਗ਼ ਦਾ ਦੌਰਾ ਕੀਤਾ, ਜਿੱਥੇ ਇੱਕ ਪਬਲਿਕ ਸਭਾ ਵਿੱਚ ਇਕੱਤਰ ਹੋਏ ਹਜ਼ਾਰਾਂ ਨਿਹੱਥੇ ਲੋਕਾਂ ਦੀ ਹੱਤਿਆ ਕੀਤੀ ਗਈ ਸੀ।
