ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚੇ ਨੂੰ ਪੰਜਾਬੀ ਕਲਾਕਾਰਾਂ ਨੇ ਵੀ ਦਿੱਤੀ ਹਮਾਇਤ, ਵੱਡੀ ਗਿਣਤੀ ’ਚ ਜੁੜ ਰਹੀ ਸੰਗਤ

ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ ਹੋਰ ਸਿੱਖ ਮਸਲਿਆਂ ਨੂੰ ਲੈ ਕੇ ਸਿੱਖ ਜੱਥੇਬੰਦੀਆਂ ਦੇ ਪੱਕੇ ਮੋਰਚੇ ਨੂੰ ਵਿਦੇਸ਼ਾਂ ਮਗਰੋਂ ਹੁਣ ਪੰਜਾਬੀ ਗਾਇਕਾਂ ਦੀ ਹਮਾਇਤ ਵੀ ਮਿਲਣ ਲੱਗੀ ਹੈ। ਸੋਮਵਾਰ ਨੂੰ ਕਈ ਪੰਜਾਬੀ ਕਲਾਕਾਰ ਮੋਰਚੇ ਵਿੱਚ ਪਹੁੰਚੇ।
ਦੱਸ ਦਈਏ ਕਿ ਪਿਛਲੇ ਕਈ ਦਿਨਾਂ ਤੋਂ ਕੜਾਕੇ ਦੀ ਠੰਡ ਵਿੱਚ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ਤੇ ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਸਮੇਤ ਹੋਰ ਸਿੱਖ ਮਸਲਿਆਂ ਬਾਰੇ ਜੱਥੇਦਾਰ ਜਗਤਾਰ ਸਿੰਘ ਹਵਾਰਾ ਕਮੇਟ ਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜੱਥੇਬੰਦੀਆਂ ਦਾ ਪੱਕਾ ਮੋਰਚਾ ਜਾਰੀ ਹੈ। ਇੱਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸੰਗਤ ਜੁੜ ਰਹੀ ਹੈ।
ਕਈ ਕਿਸਾਨ ਤੇ ਜਨਤਕ ਜੱਥੇਬੰਦੀਆਂ ਵੱਲੋਂ ਮੋਰਚੇ ਦੀ ਹਮਾਇਤ ਕੀਤੀ ਜਾ ਰਹੀ ਹੈ। ਇਸ ਦੇ ਨਾਲ ਹੀ ਵਿਦੇਸ਼ਾਂ ਤੋਂ ਵੀ ਪੱਕੇ ਮੋਰਚੇ ਨੂੰ ਹਮਾਇਤ ਹਾਸਲ ਹੋ ਰਹੀ ਹੈ। ਹੁਣ ਕਈ ਪੰਜਾਬੀ ਗਾਇਕ ਤੇ ਅਦਾਕਾਰ ਵੀ ਧਰਨੇ ਵਿੱਚ ਪਹੁੰਚ ਰਹੇ ਹਨ। ਹਰਫ਼ ਚੀਮਾ ਨੇ ਆਪਣੇ ਗੀਤ ਨੂੰ ਸੰਗਤੀ ਰੂਪ ਵਿੱਚ ਗਾਇਆ ਜਦੋਂਕਿ ਸੂਫ਼ੀ ਗਾਇਕ ਕੰਵਰ ਗਰੇਵਾਲ ਤੇ ਅਦਾਕਾਰ ਅਮਿਤੋਜ ਮਾਨ ਨੇ ਵੀ ਹਾਜ਼ਰੀ ਭਰੀ।
ਅਮਿਤੋਜ ਮਾਨ ਨੇ ਕਿਹਾ ਕਿ 26 ਜਨਵਰੀ ਨੂੰ ਪੂਰੇ ਪੰਜਾਬ ਨੂੰ ਇਨਸਾਫ਼ ਮਾਰਚ ਵਿੱਚ ਸ਼ਾਮਲ ਹੋਣਾ ਚਾਹੀਦਾ ਹੈ। ਪ੍ਰਬੰਧਕਾਂ ਮੁਤਾਬਕ ਅੱਜ ਗ਼ੈਰ-ਸਿਆਸੀ ਕਿਸਾਨ ਮੋਰਚੇ ਦੀਆਂ 15 ਜੱਥੇਬੰਦੀਆਂ ਕੌਮੀ ਇਨਸਾਫ਼ ਮੋਰਚੇ ਦੇ ਸਮਰਥਨ ਲਈ ਪੁੱਜ ਰਹੀਆਂ ਹਨ। ਆਗੂਆਂ ਨੇ ਦੱਸਿਆ ਕਿ 26 ਜਨਵਰੀ ਦੇ ਮੌਕੇ ਕੀਤੇ ਜਾਣ ਵਾਲੇ ਇਨਸਾਫ਼ ਮਾਰਚ ਬਾਰੇ ਮੰਗਲਵਾਰ ਨੂੰ ਸਮਾਂ ਸਾਰਨੀ ਜਾਰੀ ਕੀਤੀ ਜਾਵੇਗੀ।
ਉਧਰ, ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਪੰਜਾਬ ਨੇ ਧਰਨੇ ਵਾਲੀ ਥਾਂ ’ਤੇ ਮੈਡੀਕਲ ਕੈਂਪ ਲਗਾ ਕੇ ਪ੍ਰਦਰਸ਼ਨਕਾਰੀਆਂ ਲਈ ਸਿਹਤ ਸੇਵਾਵਾਂ ਸ਼ੁਰੂ ਕਰ ਦਿੱਤੀਆਂ ਹਨ। ਸਮਾਗਮ ਵਿੱਚ ਬੀਬੀ ਦਲੇਰ ਕੌਰ ਢਾਡੀ ਜਥਾ, ਭਾਈ ਪਰਮ ਸਿੰਘ ਪਰੂਆ, ਪਰਮਜੀਤ ਸਿੰਘ ਪਾਰਸ ਤੇ ਮਾਤਾ ਸਾਹਿਬ ਕੌਰ ਕਵੀਸ਼ਰੀ ਜਥਿਆਂ ਨੇ ਵਾਰਾਂ ਗਾ ਕੇ ਹਾਜ਼ਰੀ ਲਗਵਾਈ।