ਬੰਦੀ ਸਿੰਘਾਂ ਦੀ ਰਿਹਾਈ ਲਈ ਬਣਾਈ ਗਈ 11 ਮੈਂਬਰੀ ਕਮੇਟੀ ’ਚੋ ਸੁਖਬੀਰ ਬਾਦਲ ਨੂੰ ਕੱਢਿਆ ਜਾਵੇ ਬਾਹਰ: ਦਾਦੂਵਾਲ

ਜੇਲ੍ਹਾਂ ਵਿੱਚ ਬੰਦ ਸਿੰਘਾਂ ਦੀ ਰਿਹਾਈ ਲਈ 11 ਮੈਂਬਰੀ ਕਮੇਟੀ ਬਣਾਈ ਗਈ ਹੈ। ਸਿੱਖ ਪਾਰਟੀਆਂ ਇਸ ਮੁੱਦੇ ਤੇ ਜ਼ੋਰ-ਸ਼ੋਰ ਨਾਲ ਆਪਣਾ ਹੱਕ ਜਤਾ ਰਹੀਆਂ ਹਨ ਅਤੇ ਹਰ ਸਿੱਖ ਆਗੂ ਬੰਦੀ ਸਿੰਘਾਂ ਦੀ ਰਿਹਾਈ ਲਈ ਤਤਪਰ ਵਿਖਾਈ ਦੇ ਰਿਹਾ ਹੈ, ਜਿਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਸਿੰਘਾਂ ਦੀ ਰਿਹਾਈ ਲਈ 11 ਮੈਂਬਰੀ ਕਮੇਟੀ ਦਾ ਗਠਨ ਵੀ ਕੀਤਾ ਗਿਆ ਹੈ, ਪਰ ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਸ਼੍ਰੋਮਣੀ ਕਮੇਟੀ ਕੋਲੋਂ ਇਸ ਕਮੇਟੀ ਵਿਚੋਂ ਸੁਖਬੀਰ ਬਾਦਲ ਨੂੰ ਖਦੇੜਨ ਦੀ ਮੰਗ ਕਰ ਦਿੱਤੀ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਕਤ ਕਮੇਟੀ ਵਿਚੋਂ ਬਾਹਰ ਕੱਢਣ ਲਈ ਜੱਥੇਦਾਰ ਬਲਜੀਤ ਸਿੰਘ ਦਾਦੂਵਾਲ ਨੇ ਬਕਾਇਦਾ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਚਿੱਠੀ ਲਿਖੀ ਹੈ। ਉਹਨਾਂ ਮੰਗ ਕੀਤੀ ਕਿ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਪੰਥ ਦੇ ਦੋਸ਼ੀਆਂ ਦੀ ਪੁਸ਼ਤਪਨਾਹੀ ਕੀਤੀ ਹੈ ਅਤੇ ਸਿੱਖ ਪੰਥ ਨੂੰ ਨੁਕਸਾਨ ਹੀ ਪਹੁੰਚਾਇਆ ਹੈ।
ਉਹਨਾਂ ਕਿਹਾ ਕਿ ਬਾਦਲਾਂ ਨੇ ਹੀ ਦਸਮ ਪਾਤਸ਼ਾਹ ਦੀ ਨਕਲ ਕਰਨ ਵਾਲੇ ਡੇਰਾ ਸਿਰਸਾ ਮੁਖੀ ਨੂੰ ਅਕਾਲ ਤਖਤ ਤੋਂ ਮੁਆਫ਼ੀਨਾਮਾ ਜਾਰੀ ਕਰਵਾਇਆ ਅਤੇ ਬਠਿੰਡਾ ਵਿੱਚ ਸਿੱਖਾਂ ਦੀਆਂ ਭਾਵਨਾਵਾਂ ਭੜਕਾਉਣ ਦਾ ਕੇਸ ਰੱਦ ਕਰਵਾਇਆ। ਦਾਦੂਵਾਲ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਹਮੇਸ਼ਾ ਸਿੱਖ ਪੰਥ ਦਰਦੀਆਂ ਦਾ ਨੁਕਸਾਨ ਕੀਤਾ ਹੈ ਅਤੇ ਸੁਖਬੀਰ ਬਾਦਲ ਨੇ ਸਿੱਖ ਪ੍ਰਚਾਰਕਾਂ ਤੇ ਝੂਠੇ ਕੇਸ ਦਰਜ ਕਰਵਾਏ ਅਤੇ ਇਹਨਾਂ ਨੂੰ ਆਰਐਸਐਸ ਦਾ ਏਜੰਟ ਦੱਸਦਾ ਰਿਹਾ ਹੈ, ਇਸ ਲਈ ਅਜਿਹੇ ਘਿਨਾਉਣੇ ਕੰਮ ਕਰਨ ਵਾਲੇ ਵਿਅਕਤੀ ਨੂੰ ਕਮੇਟੀ ਵਿੱਚ ਸ਼ਾਮਲ ਕਰਨ ਦੀ ਕੋਈ ਜ਼ਰੂਰਤ ਨਹੀਂ।
ਜੱਥੇਦਾਰ ਨੇ ਕਿਹਾ ਕਿ ਬਾਦਲ ਪਰਿਵਾਰ ਸੱਤਾ ਵਿੱਚ ਹੁੰਦਿਆਂ ਸਦਾ ਪੰਥ ਦੀ ਪਿੱਠ ਵਿੱਚ ਛੁਰਾ ਮਾਰਦਾ ਰਿਹਾ ਹੈ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੁੱਝ ਨਹੀਂ ਕੀਤਾ ਹੈ। ਉਹਨਾਂ ਕਿਹਾ ਕਿ ਐਸਜੀਪੀਸੀ ਪ੍ਰਧਾਨ ਤੋਂ ਮੰਗ ਕੀਤੀ ਕਿ ਬਾਦਲ ਪਰਿਵਾਰ ਦੀਆਂ ਪੰਥ ਵਿਰੁੱਧ ਗੱਦਾਰੀਆਂ ਨੂੰ ਧਿਆਨ ਵਿੱਚ ਰੱਖ ਕੇ ਉਹ ਮੰਗ ਕਰਦੇ ਹਨ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਬਣਾਈ 11 ਮੈਂਬਰੀ ਕਮੇਟੀ ਵਿਚੋਂ ਸੁਖਬੀਰ ਬਾਦਲ ਨੂੰ ਬਾਹਰ ਕੱਢਿਆ ਜਾਵੇ, ਨਹੀਂ ਤਾਂ ਰਿਹਾਈ ਲਈ ਸੰਘਰਸ਼ ਤੇ ਮਾੜਾ ਅਸਰ ਪਵੇਗਾ।
ਦੱਸ ਦਈਏ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਧਾਮੀ ਵੱਲੋਂ ਇੱਕ ਸਾਂਝੀ ਕਮੇਟੀ ਬਣਾਈ ਗਈ ਹੈ, ਜਿਸ ਵਿੱਚ 9 ਮੈਂਬਰੀ ਕਮੇਟੀ ਵਿੱਚ ਉਹਨਾਂ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ, ਸੰਤ ਸਮਾਜ ਵੱਲੋਂ ਦਮਦਮੀ ਟਕਸਾਲ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ,
ਨਿਹੰਗ ਸਿੰਘ ਜਥੇਬੰਦੀਆਂ ’ਚੋਂ ਤਰਨਾ ਦਲ ਹਰੀਆਂ ਵੇਲਾਂ ਦੇ ਮੁਖੀ ਬਾਬਾ ਨਿਹਾਲ ਸਿੰਘ, ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ, ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਅਤੇ ਸਿੱਖ ਪ੍ਰਚਾਰਕ ਬਾਬਾ ਬਲਜੀਤ ਸਿੰਘ ਦਾਦੂਵਾਲ ਸ਼ਾਮਲ ਕੀਤੇ ਗਏ ਹਨ।
