ਬੰਗਾਲ ’ਚ ਮਮਤਾ ਅਤੇ ਪੀਐਮ ਮੋਦੀ ਵਿਚਕਾਰ ਹੋਵੇਗਾ ਚੋਣ ਯੁੱਧ

ਪੱਛਮੀ ਬੰਗਾਲ ਅਤੇ ਅਸਮ ਦੌਰੇ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਬੰਗਾਲੀ ਭਾਸ਼ਾ ਵਿੱਚ ਟਵੀਟ ਕਰ ਕੇ ਰੈਲੀ ਦੀ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ, “ਮੈਨੂੰ ਕੱਲ੍ਹ 18 ਮਾਰਚ ਨੂੰ ਪੱਛਮੀ ਬੰਗਾਲ ਵਿੱਚ ਅਪਣੇ ਭਰਾਵਾਂ ਅਤੇ ਭੈਣਾਂ ਵਿੱਚ ਰਹਿਣ ਦਾ ਮੌਕਾ ਮਿਲੇਗਾ। ਮੈਂ ਪੁਰੂਲਿਆ ਵਿੱਚ ਲੋਕਾਂ ਨੂੰ ਸੰਬੋਧਿਤ ਕਰਾਂਗਾ।”

ਦੂਜੇ ਟਵੀਟ ਵਿੱਚ ਪੀਐਮ ਮੋਦੀ ਨੇ ਅਸਮ ਦੀ ਰੈਲੀ ਬਾਰੇ ਜਾਣਕਾਰੀ ਦਿੱਤੀ ਅਤੇ ਲਿਖਿਆ, “ਮੈਂ 18 ਮਾਰਚ ਨੂੰ ਅਸਮ ਵਿੱਚ ਵੀ ਦੌਰਾ ਕਰਾਂਗਾ। ਮੈਂ ਕਰੀਮਗੰਜ ਵਿੱਚ ਚੋਣ ਰੈਲੀ ਦੌਰਾਨ ਅਸਮ ਵਰਗੇ ਮਹਾਨ ਸੂਬੇ ਵਿੱਚ ਲੋਕਾਂ ਵਿੱਚ ਮੌਜੂਦ ਰਹਾਂਗਾ ਜਿਸ ਨੂੰ ਲੈ ਕੇ ਮੈਂ ਕਾਫ਼ੀ ਉਤਸੁਕ ਹਾਂ। ਬੀਤੇ ਪੰਜ ਸਾਲਾਂ ਵਿੱਚ ਅਸਮ ਵਿੱਚ ਜਨਤਾ ਵਿੱਚ ਕਈ ਸਕਾਰਾਤਮਕ ਪਰਿਵਰਤਨ ਦੇਖੇ ਗਏ ਹਨ।”
ਦਸ ਦਈਏ ਕਿ ਪੱਛਮੀ ਬੰਗਾਲ, ਤਾਮਿਲਨਾਡੂ, ਅਸਮ, ਕੇਰਲ ਤੇ ਪੁੱਡੂਚੇਰੀ ‘ਚ 27 ਮਾਰਚ ਤੋਂ 29 ਅਪ੍ਰੈਲ ਤਕ ਵੋਟਾਂ ਪੈਣਗੀਆਂ। ਦੋ ਮਈ ਨੂੰ ਚੋਣਾਂ ਦੇ ਨਤੀਜੇ ਆਉਣਗੇ। ਪੰਜ ਸੂਬਿਆਂ ‘ਚ ਵਿਧਾਨਸਭਾ ਚੋਣਾਂ ਦੀਆਂ ਤਾਰੀਖਾਂ ਦੇ ਐਲਾਨ ਤੋਂ ਬਾਅਦ ਸਾਰੀਆਂ ਸਿਆਸੀ ਪਾਰਟੀਆਂ ਨੇ ਆਪਣੀ ਕਮਰ ਕੱਸ ਲਈ ਹੈ। ਉਮੀਦਵਾਰਾਂ ਦੀਆਂ ਨਾਮਜ਼ਦਗੀਆਂ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਰੈਲੀਆਂ ਦਾ ਦੌਰ ਵੀ ਜਾਰੀ ਹੈ।
ਜਿੱਥੇ ਸਾਰੀਆਂ ਪਾਰਟੀਆਂ ਇਕ-ਦੂਜੇ ‘ਤੇ ਜੰਮ ਕੇ ਵਰ੍ਹ ਰਹੀਆਂ ਹਨ। ਮੋਦੀ ਪੁਰੂਲਿਆ ‘ਚ ਸਵੇਰ 11 ਵਜੇ ਰੈਲੀ ਕਰਨਗੇ। ਇਹ ਰੈਲੀ ਪਹਿਲਾਂ 20 ਮਾਰਚ ਨੂੰ ਹੋਣੀ ਸੀ ਪਰ ਹੁਣ ਇਸ ਨੂੰ ਦੋ ਦਿਨ ਪਹਿਲਾਂ ਕਰਵਾਇਆ ਜਾ ਰਿਹਾ ਹੈ। ਪਹਿਲੇ ਗੇੜ ਦੀਆਂ ਚੋਣਾਂ ‘ਚ ਬੀਜੇਪੀ ਦੇ ਪੱਖ ‘ਚ ਮਾਹੌਲ ਬਣਾਈ ਰੱਖਣ ਦੇ ਮਕਸਦ ਨਾਲ ਪੀਐਮ ਦੇ ਪ੍ਰੋਗਰਾਮਾਂ ‘ਚ ਬਦਲਾਅ ਕੀਤਾ ਗਿਆ ਹੈ। ਪਹਿਲੇ ਗੇੜ ਦੀਆਂ 30 ਸੀਟਾਂ ‘ਤੇ 27 ਮਾਰਚ ਨੂੰ ਵੋਟਾਂ ਪੈਣਗੀਆਂ।
ਬੰਗਾਲ ਦੇ ਸਿਆਸੀ ਘਮਸਾਣ ‘ਚ ਅੱਜ ਨਜ਼ਰ ਪੀਐਮ ਮੋਦੀ ਦੇ ਭਾਸ਼ਣ ‘ਤੇ ਰਹੇਗੀ। ਕਿਉਂਕਿ ਚੋਣ ਤਾਰੀਕਾਂ ਦੇ ਐਲਾਨ ਮਗਰੋਂ ਅੱਜ ਪਹਿਲੀ ਵਾਰ ਉਨ੍ਹਾਂ ਦੀ ਰੈਲੀ ਹੋਵੇਗੀ। ਮਮਤਾ ਦੇ ਤਿੱਖੇ ਤੇਵਰਾਂ ਦੇ ਵਿਚ ਅੱਜ ਬੰਗਾਲ ਦੀ ਧਰਤੀ ‘ਤੇ ਪੀਐਮ ਮੋਦੀ ਦੀ ਰੈਲੀ ਹੋਵੇਗੀ ਤੇ ਹਰ ਕਿਸੇ ਦੀ ਨਜ਼ਰ ਇਸ ਗੱਲ ‘ਤੇ ਹੋਵੇਗੀ ਕਿ ਪੀਐਮ ਮਮਤਾ ਦੇ ਇਲਜ਼ਾਮਾਂ ‘ਤੇ ਕੀ ਜਵਾਬ ਦਿੰਦੇ ਹਨ।
