ਬੈਲਗੱਡੀਆਂ ’ਤੇ ਚੜ ਕੇ ਕਾਂਗਰਸੀ ਆਗੂਆਂ ਨੇ ਕੀਤਾ ਪ੍ਰਦਰਸ਼ਨ, ਬੈਲਗੱਡੀ ਟੁੱਟਣ ਕਾਰਨ ਡਿੱਗੇ ਆਗੂ

ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਵੱਲੋਂ ਬੀਤੇ ਦਿਨੀਂ ਤੇਲ ਤੇ ਰਸੋਈ ਗੈਸ ਦੀਆਂ ਵਧ ਰਹੀਆਂ ਕੀਮਤਾਂ ਖਿਲਾਫ਼ ਦੇਸ਼ ਭਰ ਚ ਪ੍ਰਦਰਸ਼ਨ ਕੀਤਾ ਗਿਆ। ਇਸ ਵਿੱਚ ਹਰ ਵਰਗ ਦੇ ਲੋਕਾਂ ਨੇ ਕਿਸਾਨਾਂ ਦਾ ਸਮਰਥਨ ਕੀਤਾ। ਉਹਨਾਂ ਵੱਲੋਂ ਮੰਗ ਕੀਤੀ ਗਈ ਕਿ ਵਧ ਰਹੀ ਮਹਿੰਗਾਈ ਨੂੰ ਜਲਦ ਤੋਂ ਜਲਦ ਘੱਟ ਕੀਤਾ ਜਾਵੇ। ਮੁੰਬਈ ਤੋਂ ਕੁੱਝ ਤਸਵੀਰਾਂ ਸਾਹਮਣੇ ਆਈਆਂ ਹਨ ਜਿਸ ਵਿੱਚ ਕਾਂਗਰਸ ਦੇ ਆਗੂਆਂ ਵੱਲੋਂ ਬੈਲ ਗੱਡੀਆਂ ਤੇ ਚੜ੍ਹ ਕੇ ਤੇਲ ਦੀਆਂ ਵਧ ਰਹੀਆਂ ਕੀਮਤਾਂ ਨੂੰ ਲੈ ਕੇ ਕੇਂਦਰ ਸਰਕਾਰ ਖਿਲਾਫ਼ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ।

ਇਸ ਦੌਰਾਨ ਉਹਨਾਂ ਵੱਲੋਂ ਅਪਣੇ ਸਿਰ ਦੇ ਉਪਰ ਸਿਲੰਡਰ ਰੱਖੇ ਹੋਏ ਵੀ ਦਿਖਾਈ ਦੇ ਰਹੇ ਹਨ। ਜਿਵੇਂ ਹੀ ਕਾਂਗਰਸੀ ਆਗੂ ਪ੍ਰਦਰਸ਼ਨ ਕਰ ਰਹੇ ਹੁੰਦੇ ਨੇ ਤਾਂ ਉਸੇ ਸਮੇਂ ਬੈਲ ਗੱਡੀ ਟੁੱਟਣ ਕਾਰਨ ਹੇਠਾਂ ਡਿੱਗ ਪੈਂਦੇ ਹਨ। ਇਸ ਦੌਰਾਨ ਹਫ਼ੜਾ ਦਫੜੀ ਮਚ ਜਾਂਦੀ ਹੈ ਜਿਸ ਤੋਂ ਬਾਅਦ ਥੱਲੇ ਡਿਗੇ ਹੋਏ ਕਾਂਗਰਸੀ ਆਗੂਆਂ ਨੂੰ ਚੁੱਕਿਆ ਜਾਂਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ ਜਿਸ ਤੇ ਲੋਕਾਂ ਵੱਲੋਂ ਵੱਖ-ਵੱਖ ਤਰ੍ਹਾਂ ਦੇ ਕੁਮੈਂਟ ਕੀਤੇ ਜਾ ਰਹੇ ਹਨ।
ਲੋਕਾਂ ਵੱਲੋਂ ਕੁਮੈਂਟ ਕਰਕੇ ਕਾਂਗਰਸੀ ਆਗੂਆਂ ਨੂੰ ਅਜਿਹੇ ਡਰਾਮੇ ਨਾ ਕਰਨ ਦੀ ਨਸੀਹਤ ਦਿੱਤੀ ਜਾ ਰਹੀ ਹੈ। ਦੱਸ ਦਈਏ ਕਿ 8 ਜੁਲਾਈ ਨੂੰ ਕਿਸਾਨਾਂ ਵੱਲੋਂ ਦੇਸ਼ਭਰ ’ਚ ਖਾਲੀ ਸਿਲੰਡਰ ਚੁੱਕ ਕੇ ਵਧ ਰਹੀ ਮਹਿੰਗਾਈ ਖਿਲਾਫ਼ ਜ਼ਬਰਦਸਤ ਪ੍ਰਦਰਸ਼ਨ ਕੀਤਾ ਗਿਆ। ਉਹਨਾਂ ਮੰਗ ਕੀਤੀ ਕਿ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਘੱਟ ਕੀਤੀਆਂ ਜਾਣ।
