ਬੈਠਕਾਂ ਦੇ ਨਾਲ ਹੀ ਚੱਲੇਗਾ ਕਿਸਾਨਾਂ ਦਾ ਅੰਦੋਲਨ

ਕੇਂਦਰ ਸਰਕਾਰ ਵੱਲੋਂ ਜਾਰੀ ਕੀਤੇ ਗਏ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਦਾ ਵਿਰੋਧ ਲਗਾਤਾਰ ਜਾਰੀ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨ ਜਥੇਬੰਦੀਆਂ ਨੂੰ ਮਾਲ ਤੇ ਯਾਤਰੀ ਰੇਲ ਗੱਡੀਆਂ ਲਈ ਟਰੈਕ ਖਾਲੀ ਕਰਨ ਦੀ ਅਪੀਲ ਕਰ ਚੁੱਕੇ ਹਨ।

ਕੈਪਟਨ ਕੇਂਦਰ ਨੂੰ ਭਰੋਸਾ ਦਵਾ ਰਹੇ ਹਨ ਕਿ ਪੰਜਾਬ ਵਿੱਚ ਰੇਲ ਟ੍ਰੈਕ ਖਾਲੀ ਹਨ ਤੇ ਰੇਲ ਸੇਵਾ ਚਾਲੂ ਕੀਤੀ ਜਾ ਸਕਦੀ ਹੈ ਪਰ ਬਰਨਾਲਾ ਵਿੱਚ 42ਵੇਂ ਦਿਨ ਕਿਸਾਨ ਧਰਨੇ ਤੇ ਡਟੇ ਹੋਏ ਹਨ। ਕਿਸਾਨ ਬਰਨਾਲਾ ਦੇ ਰੇਲਵੇ ਸਟੇਸ਼ਨ ਤੇ ਚੱਲ ਰਹੇ ਪੱਕੇ ਮੋਰਚੇ ਤੇ ਬੈਠੇ ਹੋਏ ਹਨ। ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਇੱਕ ਵਾਰ ਫੇਰ ਹੱਥ ਵਧਾਇਆ ਹੈ।
ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਕਿਸਾਨਾਂ ਨੂੰ ਬੈਠਕ ਲਈ ਬੁਲਾ ਚੁੱਕੀ ਹੈ ਪਰ ਉਹ ਸਿਰੇ ਨਹੀਂ ਚੜ੍ਹ ਸਕੀ ਸੀ। 13 ਨਵੰਬਰ ਨੂੰ ਕਿਸਾਨ ਬੈਠਕ ਲਈ ਦਿੱਲੀ ਜਾਣਗੇ। ਕਿਸਾਨ ਜਥੇਬੰਦੀਆਂ ਦਿੱਲੀ ਜਾਣ ਲਈ ਤਿਆਰ ਹਨ। ਬਰਨਾਲਾ ਵਿੱਚ ਕਿਸਾਨ ਜੱਥੇਬੰਦੀਆਂ ਨੇ ਕਿਹਾ ਕੇਂਦਰ ਦਾ ਰਵੱਈਆ ਅਜੇ ਵੀ ਕਿਸਾਨਾਂ ਦੇ ਪੱਖ ਵਿੱਚ ਨਹੀਂ।
ਉਨ੍ਹਾਂ ਕਿਹਾ ਕਿਸਾਨਾਂ ਵੱਲੋਂ ਰੇਲ ਟ੍ਰੈਕ ਖਾਲੀ ਕਰਨ ਦੇ ਬਾਵਜੂਦ ਹਾਲੇ ਤੱਕ ਮਾਲ ਗੱਡੀਆਂ ਦੀ ਆਵਾਜਾਈ ਚਾਲੂ ਨਹੀਂ ਕੀਤੀ ਗਈ। ਉਨ੍ਹਾਂ ਕਿਹਾ ਕਿ ਕੇਂਦਰ ਭਾਵੇਂ 13 ਤਰੀਖ ਦੀ ਬੈਠਕ ਵਿੱਚ ਵੀ ਕੋਈ ਹੱਲ ਨਾ ਕੱਢੇ ਪਰ ਕਿਸਾਨ ਆਪਣਾ ਅੰਦੋਲਨ ਇਨ੍ਹਾਂ ਵਿਵਾਦਪੂਰਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਾਰੀ ਰੱਖਣਗੇ।
ਕੇਂਦਰ ਵੱਲੋਂ ਭੇਜੇ ਗਏ ਇਸ ਸੱਦੇ ਪੱਤਰ ਵਿੱਚ ਕੇਂਦਰੀ ਰੇਲ ਮੰਤਰੀ ਤੇ ਕੇਂਦਰ ਖੇਤੀ ਮੰਤਰੀ ਦੇ ਸ਼ਾਮਲ ਹੋਣ ਦੀ ਜਾਣਕਾਰੀ ਹੈ। ਦਿੱਲੀ ਬੈਠਕ ਤੋਂ ਪਹਿਲਾਂ ਕਿਸਾਨਾਂ ਨੇ 12 ਨਵੰਬਰ ਨੂੰ ਆਪਣੀ ਬੈਠਕ ਰੱਖੀ ਹੈ ਜਿਸ ਵਿੱਚ ਦਿੱਲੀ ਬੈਠਕ ਬਾਰੇ ਫੈਸਲਾ ਕੀਤਾ ਜਾਏਗਾ। ਕਿਸਾਨ ਇਸ ਬੈਠਕ ਵਿੱਚ ਵਿਚਾਰ ਵਟਾਂਦਰਾ ਕਰਨਗੇ ਕੀ ਦਿੱਲੀ ਬੈਠਕ ਵਿੱਚ ਕਿਹੜੇ ਮੁੱਦੇ ਸਰਕਾਰ ਅੱਗੇ ਰੱਖਣੇ ਹਨ।
