ਬੇਅਦਬੀ ਮਾਮਲਿਆਂ ਬਾਰੇ ਸੀਐਮ ਮਾਨ ਨੇ ਆਖੀ ਵੱਡੀ ਗੱਲ, ਪੰਜਾਬ ‘ਚੋਂ ਹੋਵੇਗਾ ਗੈਂਗਸਟਰਾਂ ਦਾ ਸਫ਼ਾਇਆ

ਮੁੱਖ ਮੰਤਰੀ ਭਗਵੰਤ ਮਾਨ ਨੇ ਵਿਰੋਧੀ ਧਿਰ ਵੱਲੋਂ ਕਾਨੂੰਨ-ਵਿਵਸਥਾ ਦੀ ਸਥਿਤੀ ਤੇ ਚੁੱਕੇ ਜਾ ਰਹੇ ਸਵਾਲਾਂ ਤੇ ਜਵਾਬ ਦਿੱਤਾ ਹੈ। ਉਹਨਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਦੀ ਸਥਿਤੀ ਪੂਰੀ ਤਰ੍ਹਾਂ ਕਾਬੂ ਹੇਠ ਹੈ ਅਤੇ ਸੂਬੇ ਵਿੱਚੋਂ ਗੈਂਗਸਟਰਾਂ ਦਾ ਸਫ਼ਾਇਆ ਕਰ ਦਿੱਤਾ ਜਾਵੇਗਾ। ਕੁਝ ਚੈਨਲਾਂ ਨਾਲ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਕਿਹਾ ਕਿ ਗੈਂਗਸਟਰਾਂ ਤਾਂ ਅਕਾਲੀਆਂ ਅਤੇ ਕਾਂਗਰਸ ਦੇ ਰਾਜ ਦੌਰਾਨ ਪੈਦਾ ਹੋਏ ਸਨ।
ਪੰਜਾਬ ਪੁਲਿਸ ਗੈਂਗਸਟਰਾਂ ਦਾ ਮੁਕਾਬਲਾ ਕਰਨ ਵਿੱਚ ਪੂਰੀ ਤਰ੍ਹਾਂ ਸਮਰੱਥ ਹੈ। ਪੰਜਾਬ ਪੁਲਿਸ ਨੇ ਪਿਛਲੇ ਸਮੇਂ ਦੌਰਾਨ ਵਾਪਰੀਆਂ ਅਪਰਾਧਿਕ ਘਟਨਾਵਾਂ ਵਿੱਚ ਸ਼ਾਮਲ ਗੈਂਗਸਟਰਾਂ ਤੇ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ 90 ਫ਼ੀਸਦੀ ਤੋਂ ਵੱਧ ਕੇਸ ਹੱਲ ਕਰ ਲਏ ਹਨ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਸਰਹੱਦ ਪਾਰੋਂ ਵੀ ਡਰੋਨ ਰਾਹੀਂ ਹਥਿਆਰ ਤੇ ਨਸ਼ੇ ਵਾਲੇ ਪਦਾਰਥ ਪੰਜਾਬ ਵਿੱਚ ਭੇਜੇ ਜਾ ਰਹੇ ਹਨ।
ਪੰਜਾਬ ਪੁਲਿਸ ਨੇ ਬੀਐਸਐਫ ਨਾਲ ਮਿਲ ਕੇ ਕਈ ਡਰੋਨਾਂ ਨੂੰ ਡੇਗਿਆ ਹੈ। ਗੋਲਡੀ ਬਰਾੜ ਦੇ ਵਿਸ਼ੇ ਤੇ ਉਹਨਾਂ ਕਿਹਾ ਕਿ ਇਹ ਮਾਮਲਾ ਬਹੁਤ ਸੰਵੇਦਸ਼ਨਸ਼ੀਲ ਅਤੇ ਗੁਪਤ ਹੈ, ਇਸ ਲਈ ਉਹ ਇਸ ਬਾਰੇ ਜ਼ਿਆਦਾ ਕੁਝ ਨਹੀਂ ਕਹਿਣਗੇ। ਇਸ ਸਬੰਧੀ ਜਲਦੀ ਹੀ ਨਤੀਜਾ ਸਾਹਮਣੇ ਆ ਜਾਵੇਗਾ ਅਤੇ ਉਸ ਸਮੇਂ ਉਹ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦੇਣਗੇ।
ਉਹਨਾਂ ਕਿਹਾ ਕਿ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਇੱਕ ਐਸਆਈਟੀ ਪੁਲਿਸ ਅਧਿਕਾਰੀ ਐਲਕੇ ਯਾਦਵ ਤਾਂ ਦੂਜੇ ਪਾਸੇ ਕੋਟਕਪੂਰਾ ਕਾਂਡ ਵਿੱਚ ਐਸਆਈਟੀ ਪੁਲਿਸ ਅਧਿਕਾਰੀ ਨੌਨਿਹਾਲ ਸਿੰਘ ਦੀ ਅਗਵਾਈ ਹੇਠ ਪੁਲਿਸ ਕੰਮ ਕਰ ਰਹੀ ਹੈ।