ਬੇਅਦਬੀ ਦੋਸ਼ੀਆਂ ਨੂੰ ਅਜਿਹੀ ਸਜ਼ਾ ਦੇਵਾਂਗੇ ਕਿ ਕੋਈ ਅਜਿਹਾ ਕਰਨ ਦੀ ਹਿੰਮਤ ਨਹੀਂ ਕਰੇਗਾ: ਕੇਜਰੀਵਾਲ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਗੁਰਦਾਸਪੁਰ ਪਹੁੰਚੇ ਹਨ। ਇੱਥੇ ਉਹਨਾਂ ਨੇ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ, ਲੁਧਿਆਣਾ ਬਲਾਸਟ ਦੀ ਘਟਨਾ ਸੁਣ ਕੇ ਬਹੁਤ ਦੁੱਖ ਲੱਗਿਆ। ਇਕ ਵਿਅਕਤੀ ਦੀ ਮੌਤ ਹੋ ਗਈ। ਕੁੱਝ ਲੋਕ ਜ਼ਖ਼ਮੀ ਵੀ ਹੋਏ ਹਨ। ਇਹਨਾਂ ਜ਼ਖ਼ਮੀ ਵਿਅਕਤੀਆਂ ਦਾ ਹਾਲ ਜਾਣਨ ਲਈ ਪੰਜਾਬ ‘ਆਪ’ ਪ੍ਰਧਾਨ ਭਗਵੰਤ ਮਾਨ ਲੁਧਿਆਣਾ ਪਹੁੰਚੇ ਹਨ।

ਕੇਜਰੀਵਾਲ ਨੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਬੇਅਦਬੀ ਘਟਨਾ ਨੂੰ ਲੈ ਕੇ ਕਿਹਾ ਕਿ, ਸ੍ਰੀ ਹਰਿਮੰਦਰ ਸਾਹਿਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਪਤਾ ਲਗਦਾ ਹੈ ਕਿ ਕੁਝ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿਹੜੇ ਲੋਕ ਇਹਨਾਂ ਘਟਨਾਵਾਂ ਨੂੰ ਅੰਜਾਮ ਦਿੰਦੇ ਹਨ ਉਹਨਾਂ ਪਿੱਛੇ ਕੋਈ ਵੱਡੀ ਤਾਕਤ ਹੈ ਜੋ ਇਹਨਾਂ ਤੋਂ ਇਹ ਕੰਮ ਕਰਵਾਉਂਦੀ ਹੈ।
ਉਹਨਾਂ ਕਿਹਾ ਕਿ ਪਿਛਲੀਆਂ ਚੋਣਾਂ ਵਿੱਚ ਵੀ ਬੇਅਦਬੀ ਕਾਂਡ ਹੋਇਆ ਸੀ ਅਤੇ ਮੌੜ ਵਿੱਚ ਬਲਾਸਟ ਕੀਤਾ ਗਿਆ ਸੀ। ਹੁਣ ਫਿਰ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਚੋਣਾਂ ਤੋਂ ਪਹਿਲਾਂ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਇਹ ਘਟਨਾਵਾਂ ਲੰਮੇ ਸਮੇਂ ਤੋਂ ਵਾਪਰ ਰਹੀਆਂ ਹਨ ਪਰ ਪੰਜਾਬ ਦੀ ਸਰਕਾਰ ਨੇ ਇਹਨਾਂ ਖਿਲਾਫ਼ ਕੋਈ ਸਖ਼ਤ ਐਕਸ਼ਨ ਨਹੀਂ ਲਿਆ। ਕੇਜਰੀਵਾਲ ਨੇ ਕਿਹਾ ਕਿ ਉਹ ਪੰਜਾਬ ਨੂੰ ਇਮਾਨਦਾਰ ਤੇ ਸਖਤ ਸਰਕਾਰ ਦੇਣਗੇ, ਜੋ ਕਿ ਬਿਲਕੁੱਲ ਲੋਕਾਂ ਦੇ ਹਿੱਤ ਲਈ ਫ਼ੈਸਲੇ ਲਵੇਗੀ। ਇਸ ਦੇ ਨਾਲ ਹੀ ਉਹਨਾਂ ਨੇ ਪੰਜਾਬ ਲਈ ਪੰਜ ਗਰੰਟੀਆਂ ਵੀ ਦਿੱਤੀਆਂ।
ਪੰਜ ਗਰੰਟੀਆਂ
ਪੰਜਾਬ ਵਿੱਚ ਸੁਰੱਖਿਆ ਵਿਵਸਥਾ ਕਾਇਮ ਕੀਤੀ ਜਾਵੇਗੀ।
ਪੁਲਿਸ ਦੀ ਨਿਰਪੱਖ ਭਰਤੀ ਕੀਤੀ ਜਾਵੇਗੀ।
ਪੰਜਾਬ ਵਿੱਚ ਜਿੰਨੀਆਂ ਵੀ ਬੇਅਦਬੀਆਂ ਹੋਈਆਂ ਹਨ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇਗੀ, ਇਹਨਾਂ ਕੇਸਾਂ ਦੀ ਜਾਂਚ ਕਰਵਾਈ ਜਾਵੇਗੀ। ਅਜਿਹੀ ਸਜ਼ਾ ਦੇਵਾਂਗੇ ਕਿ ਦੁਬਾਰਾ ਕੋਈ ਹਿੰਮਤ ਨਹੀਂ ਕਰੇਗਾ।
ਪੰਜਾਬ ਵਿੱਚ ਹਰ ਬਾਰਡਰ ਦੀ ਸੁਰੱਖਿਆ ਵਧਾਈ ਜਾਵੇਗੀ ਤਾਂ ਜੋ ਕੋਈ ਨਸ਼ੇ ਦੀ ਸਪਲਾਈ ਰੋਕੀ ਜਾਵੇਗੀ।
ਮੰਦਿਰ, ਡੇਰੇ, ਗੁਰਦੁਆਰਿਆਂ ਦੀ ਸੁਰੱਖਿਆ ਲਈ ਪੁਲਿਸ ਦੀ ਪੱਕੀ ਡਿਊਟੀ ਲਾਈ ਜਾਵੇਗੀ।
