News

ਬੇਅਦਬੀ ਕੇਸਾਂ ਦੇ ਠੋਸ ਸਬੂਤਾਂ ’ਤੇ ਸੁਖਬੀਰ ਬਾਦਲ ਦਾ ਕਾਂਗਰਸੀ ਲੀਡਰਾਂ ਨੂੰ ਵੱਡਾ ਸਵਾਲ

ਹਿਬਲਾਂ ਕਲਾਂ ਬੇਅਦਬੀ ਅਤੇ ਕੋਟਕਪੂਰਾ ਗੋਲੀਕਾਂਡ ਮਾਮਲੇ ਵਿੱਚ ਅੱਜ ਅਚਾਨਕ ਨਵਾਂ ਮੋੜ ਆ ਗਿਐ, ਜੀ ਹਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਹੁਣ ਕਾਂਗਰਸ ਪਾਰਟੀ ਕੋਲੋਂ, ਬੇਅਦਬੀ ਮਾਮਲਿਆਂ ਨੂੰ ਲੈ ਕੇ ਉਨ੍ਹਾਂ ਖਿਲਾਫ ਇਕੱਠੇ ਕੀਤੇ ਗਏ ਸਬੂਤਾਂ ਦੀ ਮੰਗ ਕੀਤੀ ਹੈ।

AAP lashes out at Sukhbir Singh Badal for ISIS comparison - The Economic  Times

ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇੱਕ ਲੰਮੀ ਚੌੜੀ ਪੋਸਟ ਸੋਸ਼ਲ ਮੀਡਆ ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਨ੍ਹਾਂ ਨਵਜੋਤ ਸਿੱਧੂ, ਸੁਨੀਲ ਜਾਖੜ ਸਣੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਭਗਵੰਤ ਮਾਨ ਤੋਂ ਉਨ੍ਰਾਂ ਖਿਲਾਫ ਸਬੂਤਾਂ ਦੀ ਮੰਗ ਕੀਤੀ ਹੈ।

ਸੁਖਬੀਰ ਬਾਦਲ ਆਪਣੀ ਪੋਸਟ ਵਿੱਚ ਲਿਖਦੇ ਨੇ ਕਿ, ‘ਬਹੁਤ ਸਾਰੇ ਕਾਂਗਰਸੀ ਅਤੇ ਉਨ੍ਹਾਂ ਦੇ ਪ੍ਰਤੱਖ ਜਾਂ ਗੁਪਤ ਸਹਿਯੋਗੀ ਜ਼ੋਰ-ਸ਼ੋਰ ਨਾਲ ਇਹ ਦਾਅਵਾ ਕਰ ਰਹੇ ਹਨ ਕਿ ਉਨ੍ਹਾਂ ਕੋਲ ਇਸ ਗੱਲ ਦੇ ਠੋਸ ਅਤੇ ਝੁਠਲਾਏ ਨਾ ਜਾ ਸਕਣ ਵਾਲੇ ਸਬੂਤ ਹਨ ਕਿ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੇਅਦਬੀ ਦਾ ਘਿਨਾਉਣਾ ਪਾਪ ਕਿਸ ਨੇ ਯੋਜਨਾਬੱਧ ਕੀਤਾ, ਕਿਸ ਨੇ ਸਰਪ੍ਰਸਤੀ ਦਿੱਤੀ, ਅਤੇ ਕਿਸ ਨੇ ਇਹ ਨੇਪਰੇ ਚਾੜ੍ਹਿਆ।

ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਨੂੰ ਸਾਢੇ 4 ਸਾਲਾਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈ, ਮੈਂ ਹੈਰਾਨ ਹਾਂ ਕਿ ਜੇ ਉਨ੍ਹਾਂ ਕੋਲ ਐਨੇ ਠੋਸ ਸਬੂਤ ਹਨ, ਤਾਂ ਉਹ ਇਨ੍ਹਾਂ ਨੂੰ ਖਾਲਸਾ ਪੰਥ, ਐੱਸ.ਆਈ.ਟੀ., ਅਦਾਲਤ ਅਤੇ ਪੰਜਾਬ ਸਮੇਤ ਦੁਨੀਆ ਭਰ ਦੇ ਬਾਕੀ ਲੋਕਾਂ ਤੋਂ ਲੁਕੋ ਕਿਉਂ ਰਹੇ ਹਨ? ਮੇਰੀ ਉਨ੍ਹਾਂ ਨੂੰ ਅੱਜ ਵੀ ਪੁਰਜ਼ੋਰ ਅਪੀਲ ਹੈ ਕਿ ਜਿਸ ਕਿਸੇ ਦੇ ਵੀ ਖ਼ਿਲਾਫ਼ ਉਨ੍ਹਾਂ ਕੋਲ ਬੇਅਦਬੀ ਦੇ ਦੁਖਦਾਈ ਹਾਦਸੇ ਦੇ ਜਿਹੜੇ ਵੀ ਠੋਸ ਤੇ ਸੱਚੇ ਸਬੂਤ ਅਤੇ ਜੋ ਵੀ ਵੇਰਵੇ ਹਨ, ਉਹ ਉਨ੍ਹਾਂ ਨੂੰ ਖ਼ਾਲਸਾ ਪੰਥ, ਅਦਾਲਤ, ਐੱਸਆਈਟੀ ਅਤੇ ਆਮ ਲੋਕਾਂ ਦੇ ਸਾਹਮਣੇ ਪੇਸ਼ ਕਰਨ।

ਜੇ ਸੱਚਮੁੱਚ ਉਨ੍ਹਾਂ ਕੋਲ ਅਜਿਹੇ ਸਬੂਤ ਹਨ ਜਿਨ੍ਹਾਂ ਦਾ ਉਹ ਐਨੇ ਸਾਲਾਂ ਤੋਂ ਦਾਅਵਾ ਕਰਦੇ ਆ ਰਹੇ ਹਨ, ਤਾਂ ਉਨ੍ਹਾਂ ਨੇ ਸਮੁੱਚੇ ਖਾਲਸਾ ਪੰਥ, ਅਤੇ ਹੋਰਾਂ ਨੂੰ ਐਨੇ ਲੰਮੇ ਸਮੇਂ ਤੋਂ ਇਸ ਅਕਹਿ ਤੇ ਅਸਹਿ ਪੀੜ ਵਿੱਚੋਂ ਕਿਉਂ ਲੰਘਣ ਦਿੱਤਾ?

ਉਨ੍ਹਾਂ ਨੂੰ ਖਾਲਸਾ ਪੰਥ, ਐੱਸ.ਆਈ.ਟੀ. ਅਤੇ ਅਦਾਲਤਾਂ ਸਮੇਤ ਹੋਰ ਸਭਨਾਂ ਨੂੰ ਵੀ ਜਵਾਬ ਦੇਣਾ ਪਵੇਗਾ ਕਿ ਉਨ੍ਹਾਂ ਇਨ੍ਹਾਂ ਸਬੂਤਾਂ ਨੂੰ ਸਿੱਖ ਕੌਮ, ਐੱਸ.ਆਈ.ਟੀ. ਅਤੇ ਅਦਾਲਤਾਂ ਤੋਂ ਲੁਕੋ ਕੇ ਕਿਉਂ ਰੱਖਿਆ, ਜਦਕਿ ਇਹ ਗੱਲ ਉਹ ਚੰਗੀ ਤਰ੍ਹਾਂ ਸਮਝਦੇ ਸੀ ਕਿ ਬੇਅਦਬੀ ਦੇ ਦਰਦਨਾਕ ਘਟਨਾਕ੍ਰਮ ਨੇ ਦੁਨੀਆ ਭਰ ‘ਚ ਵਸਦੀ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਦਿਲ, ਮਨ ਅਤੇ ਆਤਮਾ ‘ਤੇ ਜ਼ਖ਼ਮ ਦਿੱਤੇ ਹਨ, ਅਤੇ ਹਰ ਕੋਈ ਚਾਹੁੰਦਾ ਹੈ ਕਿ ਦੋਸ਼ੀ ਨੂੰ ਛੇਤੀ ਤੋਂ ਛੇਤੀ ਬੇਨਕਾਬ ਕੀਤਾ ਜਾਵੇ ਅਤੇ ਉਸ ਨੂੰ ਬਣਦੀ ਸਜ਼ਾ ਦਿੱਤੀ ਜਾਵੇ।

ਹਾਲਾਂਕਿ, ਅਸੀਂ ਇਹ ਸਪੱਸ਼ਟ ਕਰ ਦਿੱਤਾ ਸੀ ਕਿ ਨਾ ਤਾਂ ਸਾਨੂੰ ਸਿਆਸਤ ਤੋਂ ਪ੍ਰੇਰਿਤ ਪਿਛਲੀ ਐੱਸਆਈਟੀ ‘ਤੇ ਕੋਈ ਭਰੋਸਾ ਹੈ, ਅਤੇ ਨਾ ਹੀ ਅਸੀਂ ਉਮੀਦ ਕਰਦੇ ਹਾਂ ਕਿ ਮੌਜੂਦਾ ਐੱਸਆਈਟੀ ਨੂੰ ਸਿਆਸੀ ਦਖ਼ਲਅੰਦਾਜ਼ੀ ਤੋਂ ਬਿਨਾਂ ਕੰਮ ਕਰਨ ਦੀ ਇਜ਼ਾਜ਼ਤ ਹੋਵੇਗੀ, ਇਸ ਦੇ ਬਾਵਜੂਦ ਅਸੀਂ ਪਿਛਲੀ ਐੱਸਆਈਟੀ ਅੱਗੇ ਪੇਸ਼ ਵੀ ਹੋਏ, ਅਤੇ ਉਨ੍ਹਾਂ ਨੂੰ ਪੂਰਾ ਸਹਿਯੋਗ ਵੀ ਦਿੱਤਾ।

ਬਿਲਕੁਲ ਇਸੇ ਤਰ੍ਹਾਂ, ਅਸੀਂ ਮੌਜੂਦਾ ਐੱਸਆਈਟੀ ਨੂੰ ਵੀ ਪੂਰਾ ਸਹਿਯੋਗ ਦਿਆਂਗੇ, ਹਾਲਾਂਕਿ ਹਰ ਕੋਈ ਜਾਣਦਾ ਹੈ ਕਿ ਐੱਸਆਈਟੀ ਦੇ ਗਠਨ ਪਿੱਛੇ ਕਾਂਗਰਸ ਸਰਕਾਰ ਦਾ ਮੰਤਵ ਸਿੱਖ ਸੰਗਤ ਦੀਆਂ ਭਾਵਨਾਵਾਂ ਨਾਲ ਖੇਡ ਕੇ ਸਦਾ ਸਿਆਸੀ ਬਦਲਾਖੋਰੀ ਪੁਗਾਉਣਾ ਹੀ ਰਿਹਾ ਹੈ। ਫ਼ਿਰ ਵੀ, ਅਸੀਂ ਇਸ ਐੱਸਆਈਟੀ ਨਾਲ ਵੀ ਪੂਰਾ ਸਹਿਯੋਗ ਕਰਾਂਗੇ, ਕਿਉਂ ਕਿ ਅਸੀਂ ਦੇਸ਼ ਦੇ ਕਾਨੂੰਨ ਅਤੇ ਨਿਆਂਪਾਲਿਕਾ ਨੂੰ ਸਭ ਤੋਂ ਉੱਤੇ ਰੱਖਦੇ ਹਾਂ ਤੇ ਸਤਿਕਾਰ ਦਿੰਦੇ ਹਾਂ।

ਸੁਨੀਲ ਜਾਖੜ, ਨਵਜੋਤ ਸਿੱਧੂ, ਸੁਖਜਿੰਦਰ ਸਿੰਘ ਰੰਧਾਵਾ ਵਰਗੇ ਕਾਂਗਰਸੀਆਂ ਤੇ ਭਗਵੰਤ ਮਾਨ ਵਰਗੇ ਜਿਹੜੇ ਐਨੇ ਸਾਲਾਂ ਤੋਂ ਇਹ ਦਾਅਵਾ ਕਰਦੇ ਆ ਰਹੇ ਹਨ ਕਿ ਉਨ੍ਹਾਂ ਕੋਲ ਇਸ ਮਾਮਲੇ ਦੇ ਸਬੂਤ ਹਨ, ਇਨ੍ਹਾਂ ਸਾਰਿਆਂ ਨੂੰ ਮੈਂ ਬੇਨਤੀ ਕਰਦਾ ਹਾਂ ਕਿ ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਪ੍ਰਤੀ ਕੀਤੇ ਬੇਅਦਬੀ ਦੇ ਇਸ ਘੋਰ ਪਾਪ ਦੇ ਅਸਲ ਦੋਸ਼ੀ ਖ਼ਿਲਾਫ਼ ਸਬੂਤਾਂ ਨੂੰ ਲੁਕੋ ਕੇ ਨਾ ਰੱਖੋ।

ਮੈਂ ਉਨ੍ਹਾਂ ਨੂੰ ਇਹ ਵੀ ਬੇਨਤੀ ਕਰਦਾ ਹਾਂ ਕਿ ਦੁਨੀਆ ਭਰ ‘ਚ ਵਸਦੇ ਸਿੱਖ ਪੰਥ, ਐੱਸਆਈਟੀ ਤੇ ਅਦਾਲਤ ਅੱਗੇ ਇਸ ਗੱਲ ਦਾ ਕਾਰਨ ਵੀ ਸਪੱਸ਼ਟ ਕਰਨ ਕਿ ਇਹ ਸੱਚ ਉਨ੍ਹਾਂ ਨੇ ਹੁਣ ਤੱਕ ਕਿਉਂ ਨਹੀਂ ਬੋਲਿਆ ਤੇ ਸਾਢੇ 4 ਸਾਲਾਂ ਤੋਂ ਇਹ ਸਬੂਤ ਲੁਕੋਈ ਕਿਉਂ ਰੱਖੇ, ਅਤੇ ਜਾਣਬੁੱਝ ਕੇ ਸੱਚਾਈ ਨੂੰ ਲੁਕੋ ਕੇ ਉਨ੍ਹਾਂ ਨੇ ਸਾਰੇ ਸੰਸਾਰ ਦੇ ਸਿੱਖਾਂ ਦੇ ਦਿਲਾਂ ਤੇ ਰੂਹਾਂ ਨੂੰ ਜੋ ਐਨੀ ਵੱਡੀ ਠੇਸ ਮਾਰੀ ਹੈ, ਉਸ ਦਾ ਕਾਰਨ ਕੀ ਹੈ।’

ਫਿਲਹਾਲ ਸੁਖਬੀਰ ਬਾਦਲ ਦੀ ਇਸ ਅਪੀਲ ਤੋਂ ਬਾਅਦ ਮੁੜ ਤੋਂ ਬੇਅਦਬੀ ਮਾਮਲੇ ਤੇ ਸਿਆਸਤ ਭਖਣ ਦੇ ਆਸਾਰ ਬਣ ਗਏ ਨੇ, ਦੂਜੇ ਪਾਸੇ ਸਿੱਧੂ ਆਏ ਦਿਨ ਬੇਅਦਬੀ ਮਾਮਲਿਆਂ ਦੇ ਦੋਸ਼ੀਆਂ ਵਿੱਚ ਬਾਦਲ ਪਿਓ ਪੁੱਤ ਦਾ ਵੱਡਾ ਹੱਥ ਦੱਸ ਰਹੇ ਨੇ, ਜਦਕਿ ਆਮ ਆਦਮੀ ਪਾਰਟੀ ਦੇ ਭਗਵੰਤ ਮਾਨ ਵੀ ਪਿਛਲੀਆਂ ਚੋਣਾਂ ਤੋਂ ਹੀ ਸੁਖਬੀਰ ਬਾਦਲ ਸਣੇ ਤਤਕਾਲੀ ਅਕਾਲੀ ਸਰਕਾਰ ਨੂੰ ਬੇਅਦਬੀਆਂ ਦਾ ਦੋਸ਼ੀ ਗਰਦਾਨ ਚੁੱਕੇ ਨੇ, ਅਜਿਹੇ ਵਿੱਚ ਸੁਖਬੀਰ ਬਾਦਲ ਨੇ ਸਬੂਤਾਂ ਦੀ ਮੰਗ ਕਰ ਕੇ ਮਾਮਲੇ ਵਿੱਚ ਵੱਡਾ ਦਾਅ ਖੇਡ ਦਿੱਤਾ ਹੈ, ਅਤੇ ਆਪਣੇ ਸਿਆਸੀ ਵਿਰੋਧੀਆਂ ਨੂੰ ਹੱਥਾਂ ਪੈਰਾਂ ਦੀ ਜ਼ਰੂਰ ਪਾ ਦਿੱਤੀ ਹੈ।

Click to comment

Leave a Reply

Your email address will not be published.

Most Popular

To Top