ਬਿਹਤਰ ਖੇਡ ਸਹੂਲਤਾਂ ਦੇਣ ਲਈ 7 ਸਰਕਾਰੀ ਕਾਲਜਾਂ ਨੂੰ 137 ਲੱਖ ਦੀ ਰਕਮ ਦੀ ਮਿਲੀ ਮਨਜ਼ੂਰੀ

 ਬਿਹਤਰ ਖੇਡ ਸਹੂਲਤਾਂ ਦੇਣ ਲਈ 7 ਸਰਕਾਰੀ ਕਾਲਜਾਂ ਨੂੰ 137 ਲੱਖ ਦੀ ਰਕਮ ਦੀ ਮਿਲੀ ਮਨਜ਼ੂਰੀ

ਸੂਬੇ ਦੇ ਸਰਕਾਰੀ ਕਾਲਜਾਂ ਵਿੱਚ 7 ਸਰਕਾਰੀ ਕਾਲਜਾਂ ਨੂੰ ਖੇਡ ਢਾਂਚੇ ਦੀ ਉਸਾਰੀ ਲਈ 137 ਲੱਖ ਰੁਪਏ ਦੇਣ ਦੀ ਪ੍ਰਬੰਧਕੀ ਮਨਜ਼ੂਰੀ ਦਿੱਤੀ ਗਈ ਹੈ। ਇਸ ਦੀ ਜਾਣਕਾਰੀ ਉਚੇਰੀ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦਿੱਤੀ ਹੈ। ਉਹਨਾਂ ਕਿਹਾ ਕਿ, ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਸੂਬਾ ਸਰਕਾਰ ਖੇਡ ਪੱਖੀ ਮਾਹੌਲ ਸਿਰਜਣ ਲਈ ਕੋਈ ਕਸਰ ਬਾਕੀ ਨਹੀਂ ਛੱਡੇਗੀ।

ਮੀਤ ਹੇਅਰ ਜਿਹਨਾਂ ਕੋਲ ਖੇਡ ਵਿਭਾਗ ਵੀ ਹੈ, ਨੇ ਕਿਹਾ ਕਿ ਸੂਬਾ ਸਰਕਾਰ ਹੇਠਲੇ ਪੱਧਰ ਤੇ ਖੇਡਾਂ ਦਾ ਢਾਂਚਾ ਸਿਰਜਣ ਤੇ ਜ਼ੋਰ ਦੇ ਰਹੀ ਹੈ ਅਤੇ ਸਰਕਾਰੀ ਕਾਲਜਾਂ ਵਿੱਚ ਸਬੰਧਿਤ ਖੇਡ ਦੇ ਵਿਦਿਆਰਥੀਆਂ ਦੀ ਗਿਣਤੀ ਮੁਤਾਬਕ ਉੱਥੇ ਉਸ ਖੇਡ ਦੇ ਗਰਾਊਂਡ ਤਿਆਰ ਕੀਤੇ ਜਾ ਰਹੇ ਹਨ। ਉਹਨਾਂ ਕਿਹਾ ਕਿ ਆਉਂਦੇ ਸਮੇਂ ਵਿੱਚ ਹੋਰਨਾਂ ਸਰਕਾਰੀ ਕਾਲਜਾਂ ਨੂੰ ਵੀ ਖੇਡਾਂ ਲਈ ਫੰਡ ਦਿੱਤੇ ਜਾਣਗੇ।

ਉਹਨਾਂ ਦੱਸਿਆ ਕਿ, ਸਰਕਾਰੀ ਕਾਲਜ ਦਾਨੇਵਾਲਾ ਮਲੋਟ ਨੂੰ 200 ਮੀਟਰ ਟਰੈਕ ਤੇ ਵਾਲੀਬਾਲ ਗਰਾਊਂਡ ਲਈ 19.41 ਲੱਖ ਰੁਪਏ, ਸਰਕਾਰੀ ਕਾਲਜ ਗੁਰਦਾਸਪੁਰ ਨੂੰ ਬਾਸਕਟਬਾਲ ਕੋਰਟ ਲਈ 15.75 ਰੁਪਏ, ਸਰਕਾਰੀ ਕਾਲਜ ਲਾਧੂਪੁਰ (ਗੁਰਦਾਸਪੁਰ) ਵਿਖੇ 200 ਮੀਟਰ ਟਰੈਕ, ਬਾਸਕਟਬਾਲ ਕੋਰਟ ਤੇ ਵਾਲੀਬਾਲ ਗਰਾਊਂਡ ਲਈ 33.11 ਲੱਖ ਰੁਪਏ, ਸਰਕਾਰੀ ਕਾਲਜ ਹੁਸਨਰ ਗਿੱਦੜਬਾਹਾ ਨੂੰ 200 ਮੀਟਰ ਟਰੈਕ ਤੇ ਵਾਲੀਬਾਲ ਗਰਾਊਂਡ ਲਈ 19.40 ਲੱਖ ਰੁਪਏ, ਐੱਸ.ਸੀ.ਡੀ. ਸਰਕਾਰੀ ਕਾਲਜ ਲੁਧਿਆਣਾ ਵਿਖੇ ਵਾਲੀਬਾਲ ਕੋਰਟ ਚ ਐਲ.ਈ.ਡੀ. ਫਲੱਡ ਲਾਈਟਾਂ ਅਤੇ ਸਟੇਡੀਅਮ ਬਲਾਕ ਤੇ ਟਰੈਕ ਲਈ 10.85 ਲੱਖ ਰੁਪਏ,

ਸ੍ਰੀ ਗੁਰੂ ਅਰਜਨ ਦੇਵ ਸਰਕਾਰੀ ਕਾਲਜ ਤਰਨਤਾਰਨ ਦੇ ਬਾਸਕਟਬਾਲ ਕੋਰਟ ਲਈ 8.48 ਲੱਖ ਰੁਪਏ ਅਤੇ ਸ਼ਹੀਦ ਭਗਤ ਸਿੰਘ ਸਰਕਾਰੀ ਕਾਲਜ ਕੋਟਕਪੂਰਾ ਦੇ ਵਾਲੀਬਾਲ ਗਰਾਊਂਡ ਅਤੇ ਸਟੇਡੀਅਮ ਦੀ ਮੁਰੰਮਤ ਲਈ 29.99 ਲੱਖ ਰੁਪਏ ਮਨਜ਼ੂਰ ਕੀਤੇ ਗਏ। ਇਸ ਤਰ੍ਹਾਂ 7 ਸਰਕਾਰੀ ਕਾਲਜਾਂ ਵਿੱਚ ਖੇਡਾਂ ਲਈ ਕੁੱਲ 137 ਲੱਖ ਰੁਪਏ ਮਨਜ਼ੂਰ ਹੋਏ।

ਮੀਤ ਹੇਅਰ ਨੇ ਦੱਸਿਆ ਕਿ ਇਹ ਪ੍ਰਸ਼ਾਸਕੀ ਪ੍ਰਵਾਨਗੀ ਦਿੰਦਿਆਂ ਹਦਾਇਤਾਂ ਵੀ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਇਹ ਕਿਹਾ ਗਿਆ ਹੈ ਕਿ ਇਹ ਫੰਡ ਸਿਰਫ ਜਿਸ ਕੰਮ ਲਈ ਦਿੱਤੇ ਗਏ ਹਨ, ਉਸੇ ਲਈ ਵਰਤੇ ਜਾਣ, ਤਖਮੀਨੇ ਦੀ ਤਕਨੀਕੀ ਪ੍ਰਵਾਨਗੀ ਸਮਰੱਥ ਅਧਿਕਾਰੀ ਤੋਂ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਲਈ ਜਾਵੇ।ਇਸੇ ਤਰ੍ਹਾਂ ਕੰਮ ਦੀ ਗੁਣਵੱਤਾ/ਮਿਆਰ ਦੀ ਜ਼ਿੰਮੇਵਾਰੀ ਕਾਰਜਕਾਰੀ ਇੰਜੀਨੀਅਰ ਦੀ ਹੋਵੇਗੀ।

Leave a Reply

Your email address will not be published.