ਬਿਹਤਰ ਕਾਨੂੰਨ-ਵਿਵਸਥਾ ਵਾਲਾ ਦੂਜਾ ਸੂਬਾ ਬਣਿਆ ‘ਪੰਜਾਬ’, CM ਮਾਨ ਅਤੇ ਡੀਜੀਪੀ ਨੇ ਵੀ ਦਿੱਤੀ ਵਧਾਈ

ਪੰਜਾਬ ਪੁਲਿਸ ਨੇ ਦੇਸ਼ ਦੇ ਸਾਰੇ ਸੂਬਿਆਂ ‘ਚ ਕਾਨੂੰਨ-ਵਿਵਸਥਾ ਦੀ ਸਥਿਤੀ ਨੂੰ ਲੈ ਕੇ ਜਾਰੀ ਕੀਤੀ ਗਈ ਸਰਵੇ ਦੀ ਰਿਪੋਰਟ ਰਿਲੀਜ਼ ਕੀਤੀ। ਇਸ ‘ਚ ਗੁਜਰਾਤ ਨੂੰ ਪਹਿਲੇ ਸਥਾਨ ’ਤੇ ਅਤੇ ਪੰਜਾਬ ਨੂੰ ਦੂਜੇ ਤੇ ਉੱਤਰ ਪ੍ਰਦੇਸ਼ ਨੂੰ ਤੀਜੇ ਸਥਾਨ ’ਤੇ ਦਿਖਾਇਆ ਗਿਆ ਹੈ। ਇਸ ਨੂੰ ਲੈ ਕੇ ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਸਮੁੱਚੇ ਪੰਜਾਬੀਆਂ ਅਤੇ ਸਮੁੱਚੀ ਪੰਜਾਬ ਪੁਲਿਸ ਫੋਰਸ ਨੂੰ ਵਧਾਈ ਦਿੰਦੇ ਹੋਏ ਕਿਹਾ ਕਿ ਪੰਜਾਬ ਨੇ ਆਪਣੇ ਦੂਜੇ ਸਥਾਨ ਨੂੰ 2022 ‘ਚ ਵੀ ਬਰਕਰਾਰ ਰੱਖਿਆ ਹੈ।
ਡੀਜੀਪੀ ਨੇ ਕਿਹਾ ਕਿ ਹਰੇਕ ਸਾਲ ਪੰਜਾਬ ਪੁਲਸ ਬਿਹਤਰੀਨ ਕੰਮ ਕਰ ਰਹੀ ਹੈ। ਪੁਲਿਸ ਅਤੇ ਜਨਤਾ ਮਿਲ ਕੇ ਸੂਬੇ ਵਿਚ ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਮਾਹੌਲ ਬਣਾਈ ਰੱਖਣ ‘ਚ ਕਾਮਯਾਬ ਹੋਈ ਹੈ ਅਤੇ ਉਸ ਨੇ ਦੇਸ਼ ਵਿਰੋਧੀ ਤਾਕਤਾਂ ਨੂੰ ਮੂੰਹ-ਤੋੜ ਜਵਾਬ ਦਿੱਤਾ ਹੈ। ਇਹਨਾਂ ਅੰਕੜਿਆਂ ‘ਚ ਦੱਸਿਆ ਗਿਆ ਹੈ ਕਿ ਗੁਜਰਾਤ 2021 ‘ਚ ਵੀ ਕਾਨੂੰਨ-ਵਿਵਸਥਾ ਦੇ ਮਾਮਲੇ ‘ਚ ਪਹਿਲੇ ਸਥਾਨ ’ਤੇ ਸੀ ਅਤੇ ਇਸ ਵਾਰ ਵੀ ਪਹਿਲੇ ਸਥਾਨ ’ਤੇ ਆਇਆ ਹੈ।
ਪੰਜਾਬ ਪਹਿਲਾਂ ਵੀ ਦੂਜੇ ਸਥਾਨ ’ਤੇ ਸੀ ਅਤੇ 2022 ‘ਚ ਵੀ ਦੂਜੇ ਸਥਾਨ ’ਤੇ ਆਇਆ ਹੈ ਪਰ ਤਾਮਿਲਨਾਡੂ ਜੋ ਕਿ 2021 ‘ਚ ਤੀਜੇ ਸਥਾਨ ’ਤੇ ਸੀ, ਉਹ 2022 ‘ਚ ਖ਼ਿਸਕ ਕੇ ਚੌਥੇ ਸਥਾਨ ’ਤੇ ਜਾ ਪੁੱਜਾ ਹੈ। ਉੱਤਰ ਪ੍ਰਦੇਸ਼ ‘ਚ ਕਾਨੂੰਨ-ਵਿਵਸਥਾ ਦੀ ਸਥਿਤੀ ‘ਚ ਸੁਧਾਰ ਹੋਇਆ ਹੈ ਅਤੇ ਹੁਣ ਉਹ ਚੌਥੇ ਤੋਂ ਤੀਜੇ ਸਥਾਨ ’ਤੇ ਆ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਕਾਨੂੰਨ-ਵਿਵਸਥਾ ਨੂੰ ਲੈ ਕੇ ਜਾਰੀ ਹੋਏ ਅੰਕੜਿਆਂ ‘ਚ ਪੰਜਾਬ ਨੂੰ ਦੂਜਾ ਸਥਾਨ ਹਾਸਲ ਹੋਣ ’ਤੇ ਪੰਜਾਬ ਪੁਲਿਸ ਅਤੇ ਉਸ ਦੇ ਸਮੁੱਚੇ ਅਧਿਕਾਰੀਆਂ ਨੂੰ ਵਧਾਈ ਦਿੱਤੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਸਭ ਮਿਲ ਕੇ ਪੰਜਾਬ ‘ਚ ਆਪਸੀ ਭਾਈਚਾਰੇ ਅਤੇ ਸ਼ਾਂਤੀ ਨੂੰ ਕਾਇਮ ਰੱਖਾਂਗੇ।